ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਸ਼ਰਤ ਕਮਲ ਅਤੇ ਮਨਿਕਾ ਬੱਤਰਾ 20 ਤੋਂ 28 ਮਈ ਤੱਕ ਡਰਬਨ ‘ਚ ਹੋਣ ਵਾਲੀ 2023 ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ 11 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ। ਟੀਮ ‘ਚ ਪੰਜ ਪੁਰਸ਼ ਅਤੇ ਛੇ ਮਹਿਲਾ ਖਿਡਾਰੀ ਸ਼ਾਮਲ ਹਨ। 1939 ‘ਚ ਮਿਸਰ ਤੋਂ ਬਾਅਦ ਪਹਿਲੀ ਵਾਰ ਕੋਈ ਅਫਰੀਕਨ ਦੇਸ਼ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਕਮੇਟੀ ਵੱਲੋਂ ਐਲਾਨੀ ਗਈ ਪੁਰਸ਼ ਟੀਮ ‘ਚ ਜੀ. ਸਾਥੀਅਨ, ਏ. ਸ਼ਰਤ ਕਮਲ, ਮਾਨੁਸ਼ ਸ਼ਾਹ, ਹਰਮੀਤ ਦੇਸਾਈ ਅਤੇ ਮਾਨਵ ਠੱਕਰ ਸ਼ਾਮਲ ਹਨ। ਮਹਿਲਾ ਟੀਮ ‘ਚ ਮਨਿਕਾ ਬੱਤਰਾ, ਸ਼੍ਰਿਜਾ ਅਕੁਲਾ, ਸੁਤਿਰਥਾ ਮੁਖਰਜੀ, ਰੀਥ, ਅਰਚਨਾ ਕਾਮਥ ਅਤੇ ਦੀਆ ਚਿਤਾਲੇ ਸ਼ਾਮਲ ਹਨ। ਸਾਥੀਆਨ, ਸ਼ਰਤ, ਮਾਨੁਸ਼ ਅਤੇ ਹਰਮੀਤ ਪੁਰਸ਼ ਸਿੰਗਲਜ਼ ਅਤੇ ਡਬਲਜ਼ ‘ਚ ਖੇਡਣਗੇ। ਪੁਰਸ਼ ਡਬਲਜ਼ ‘ਚ ਸਾਥੀਆਨ ਦੀ ਜੋੜੀ ਸ਼ਰਤ ਨਾਲ ਅਤੇ ਮਾਨੁਸ਼ ਦੀ ਜੋੜੀ ਹਰਮੀਤ ਨਾਲ ਬਣੇਗੀ।