ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਤੇ ਸਿੱਖਾਂ ਦਾ 12ਵਾਂ ਗੁਰੂ ਹੋਣ ਦਾ ਦਾਅਵਾ ਕਰਨ ਦੇ ਮੁਲਜ਼ਮ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਬਾਰੇ ਧਾਰਮਿਕ ਤੇ ਕਾਨੂੰਨੀ ਪਹਿਲੂਆਂ ‘ਤੇ ਸਹਿਯੋਗ ਲਈ ਹਾਈ ਕੋਰਟ ਨੇ ਕੋਰਟ ਮਿੱਤਰ ਨਿਯੁਕਤ ਕਰਨ ਦਾ ਫ਼ੈਸਲਾ ਵੀ ਲਿਆ ਹੈ। ਪਟੀਸ਼ਨ ਦਾਖ਼ਲ ਕਰਦਿਆਂ ਸੰਜੇ ਰਾਏ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸਦੇ ਖ਼ਿਲਾਫ਼ 23 ਦਸੰਬਰ 2022 ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਅੰਮ੍ਰਿਤਸਰ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਮੁਤਾਬਕ ਪਟੀਸ਼ਨਕਰਤਾ ਨੇ ਖ਼ੁਦ ਨੂੰ ਸਿੱਖਾਂ ਦਾ 12ਵਾਂ ਗੁਰੂ ਕਰਾਰ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਉਸਦੇ ਅੰਦਰ ਗੁਰੂ ਨਾਨਕ ਦੇਵ ਦੀ ਆਤਮਾ ਦਾ ਨਿਵਾਸ ਹੈ। ਇਸ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋਈ ਸੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੁੱਜੀ ਸੀ। ਇਸ ਵੀਡੀਓ ਨੂੰ ਆਧਾਰ ਬਣਾ ਕੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ‘ਚ ਜਾਂਚ ਤੋਂ ਬਾਅਦ ਅੰਮ੍ਰਿਤਸਰ ‘ਚ ਮਾਮਲਾ ਦਰਜ ਕੀਤਾ ਸੀ। ਪਟੀਸ਼ਨਕਰਤਾ ਨੇ ਇਸੇ ਮਾਮਲੇ ‘ਚ ਪੇਸ਼ਗੀ ਜ਼ਮਾਨਤ ਦੇਣ ਲਈ ਹਾਈ ਕੋਰਟ ਤੋਂ ਮੰਗ ਕੀਤੀ ਸੀ। ਪਟੀਸ਼ਨ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਸੰਤਲੋਕ ਆਸ਼ਰਮ ‘ਚ ਪ੍ਰਚਾਰ ਦੌਰਾਨ ਇਹ ਦਾਅਵੇ ਕੀਤੇ ਸਨ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਦਾਅਵਿਆਂ ਰਾਹੀਂ ਪਟੀਸ਼ਨਕਰਤਾ ਪਖੰਡ ਨੂੰ ਬੜਾਵਾ ਦੇਣ ਤੇ ਗ਼ਰੀਬਾਂ ਨੂੰ ਲੁੱਟਣ ਦਾ ਕੰਮ ਕਰ ਰਿਹਾ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਕਿ ਹੁਕਮਨਾਮੇ ਮੁਤਾਬਕ ਸਿਰਫ਼ ਗੁਰੂ ਗ੍ਰੰਥ ਸਾਹਿਬ ਹੀ ਪੂਰਨ ਗੁਰੂ ਦੇ ਰੂਪ ‘ਚ ਸਿੱਖਾਂ ਵੱਲੋਂ ਪੂਜੇ ਜਾ ਸਕਦੇ ਹਨ। ਹਾਈ ਕੋਰਟ ਨੇ ਪਹਿਲੀ ਨਜ਼ਰੇ ਕਿਹਾ ਕਿ ਐੱਫ.ਆਈ.ਆਰ. ਦਾ ਵਿਸ਼ਾ ਵਸਤੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਦਾ ਸਮਰਥਨ ਨਹੀਂ ਕਰਦੀ। ਅਜਿਹੇ ‘ਚ ਹਾਈ ਕੋਰਟ ਨੇ ਪਟੀਸ਼ਕਰਤਾ ਨੂੰ ਅੰਤ੍ਰਿਮ ਜ਼ਮਾਨਤ ਦਿੰਦਿਆਂ ਜਾਂਚ ‘ਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਤੇ ਸਿੱਖਾਂ ਦੇ ਹੁਕਮਨਾਮੇ ਦੀ ਕਾਨੂੰਨੀ ਜਾਇਜ਼ਤਾ ਨੂੰ ਲੈ ਕੇ ਜਾਂਚ ਲਈ ਹਾਈ ਕੋਰਟ ਨੇ ਸੀਨੀਅਰ ਐਡਵੋਕੇਟ ਅਤੁਲ ਲਖਨਪਾਲ ਤੇ ਬਲਜਿੰਦਰ ਸਿੰਘ ਨੂੰ ਕੋਰਟ ਸਹਿਯੋਗੀ ਨਿਯੁਕਤ ਕੀਤਾ ਹੈ।