ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ 36ਵੇਂ ਮੈਚ ‘ਚ ਕਲਕੱਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 21 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਲਕੱਤਾ ਨੇ 201 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਬੰਗਲੌਰ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਓਪਨਿੰਗ ਕਰਦੇ ਹੋਏ ਕੋਹਲੀ ਨੇ 37 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਦੀ ਪਾਰੀ ਖੇਡੀ ਜਦਕਿ ਉਸ ਦਾ ਸਾਥੀ ਫਾਫ ਡੂ ਪਲੇਸਿਸ ਸਿਰਫ 17 ਦੌੜਾਂ ਹੀ ਬਣਾ ਸਕਿਆ। ਸ਼ਾਹਬਾਜ਼ ਅਹਿਮਦ ਅਤੇ ਗਲੇਨ ਮੈਕਸਵੈੱਲ ਮੱਧਕ੍ਰਮ ‘ਚ ਪੂਰੀ ਤਰ੍ਹਾਂ ਫਲਾਪ ਰਹੇ। ਅਹਿਮਦ ਸਿਰਫ 2 ਜਦਕਿ ਮੈਕਸਵੈੱਲ ਸਿਰਫ਼ 5 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਮਹੀਪਾਲ ਲੋਮਰੋਰ ਨੇ 18 ਗੇਂਦਾਂ ‘ਚ 34 ਦੌੜਾਂ ਬਣਾਈਆਂ ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ 18 ਗੇਂਦਾਂ ‘ਚ 22 ਦੌੜਾਂ ਦੀ ਪਾਰੀ ਖੇਡੀ। ਸੁਯਸ਼ ਪ੍ਰਭੂਦੇਸਾਈ 10 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਵਨਿੰਦੂ ਹਸਾਰੰਗਾ ਵੀ 5 ਦੌੜਾਂ ਬਣਾ ਕੇ ਆਊਟ ਹੋਏ। ਅੰਤ ‘ਚ ਡੇਵਿਡ ਵਿਲੀ 11 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਵਿਜੇ ਕੁਮਾਰ ਵਿਸ਼ਕ ਵੀ 13 ਦੌੜਾਂ ਬਣਾ ਕੇ ਨਾਬਾਦ ਰਹੇ। ਕੋਲਕਾਤਾ ਲਈ ਵਰੁਣ ਚੱਕਰਵਰਤੀ ਨੇ 3, ਸੁਯਸ਼ ਸ਼ਰਮਾ ਅਤੇ ਆਂਦਰੇ ਰਸਲ ਨੇ 2-2 ਵਿਕਟਾਂ ਲਈਆਂ। ਕਲਕੱਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ। ਕਲਕੱਤਾ ਲਈ ਓਪਨਿੰਗ ਕਰਨ ਆਏ ਜੇਸਨ ਰਾਏ ਅਤੇ ਐੱਨ ਜਗਦੀਸ਼ਨ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਜੇਸਨ ਰਾਏ ਨੇ 29 ਗੇਂਦਾਂ ‘ਚ 4 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਜਦਕਿ ਐੱਨ ਜਗਦੀਸ਼ਨ ਨੇ 29 ਗੇਂਦਾਂ ‘ਚ 27 ਦੌੜਾਂ ਦੀ ਧੀਮੀ ਪਾਰੀ ਖੇਡੀ। ਇਸ ਤੋਂ ਬਾਅਦ ਵੈਂਕਟੇਸ਼ ਅਈਅਰ ਨੇ 26 ਗੇਂਦਾਂ ‘ਚ 31 ਦੌੜਾਂ ਦੀ ਪਾਰੀ ਖੇਡੀ। ਚੌਥੇ ਨੰਬਰ ‘ਤੇ ਕਪਤਾਨ ਨਿਤੀਸ਼ ਰਾਣਾ ਨੇ 21 ਗੇਂਦਾਂ ‘ਤੇ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਦੌਰਾਨ ਉਸ ਦੇ ਬੱਲੇ ‘ਚੋਂ 3 ਚੌਕੇ ਅਤੇ 4 ਛੱਕੇ ਨਿਕਲੇ। ਆਂਦਰੇ ਰਸੇਲ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 1 ਰਨ ਬਣਾ ਸਕੇ। ਅੰਤ ‘ਚ ਰਿੰਕੂ ਸਿੰਘ ਨੇ 10 ਗੇਂਦਾਂ ‘ਚ ਨਾਬਾਦ 18 ਅਤੇ ਡੇਵਿਡ ਵੀਜ਼ ਨੇ 2 ਗੇਂਦਾਂ ‘ਚ ਨਾਬਾਦ 12 ਦੌੜਾਂ ਬਣਾਈਆਂ। ਬੈਂਗਲੁਰੂ ਵੱਲੋਂ ਵਨਿੰਦੂ ਹਸਾਰੰਗਾ ਅਤੇ ਵਿਜੇ ਕੁਮਾਰ ਵਿਸ਼ਕ ਨੇ 2-2 ਵਿਕਟਾਂ ਲਈਆਂ ਜਦਕਿ ਮੁਹੰਮਦ ਸਿਜਾਰਨ ਨੂੰ ਇਕ ਵਿਕਟ ਮਿਲੀ।