ਗੁਰਦਾਸਪੁਰ ਜ਼ਿਲ੍ਹੇ ਦੇ ਪੁਲੀਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਸ਼ਹੂਰ ‘ਚ ਇਕ ਨੌਜਵਾਨ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਗਰੋਂ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਪੁਲੀਸ ਥਾਣਾ ਕਲਾਨੌਰ ਪਹੁੰਚੇ। ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ‘ਚ ਗੁਰਪ੍ਰੀਤ ਸਿੰਘ ਵਾਸੀ ਸ਼ਹੂਰ ਕਲਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਾਸੀ ਸੁੱਚਾ ਸਿੰਘ ਪੁੱਤਰ ਗੁਲਜ਼ਾਰ ਸਿੰਘ ਨੇ ਆਪਣੇ ਘਰ ਨੇੜੇ ਛੱਪੜ ‘ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਉਸ ਉੱਪਰ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਹੈ। ਛੱਪੜ ‘ਤੇ ਬੂਟੀ ਹੋਣ ਕਰਕੇ ਗੁਟਕਾ ਸਾਹਿਬ ਛੱਪੜ ‘ਚ ਡੁੱਬਣ ਤੋਂ ਰੁਕ ਗਿਆ। ਸੂਚਨਾ ਮਿਲਣ ‘ਤੇ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲੀਸ ਕਰਮਚਾਰੀਆਂ ਸਹਿਤ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਐੱਸ.ਪੀ. (ਡੀ), ਥਾਣਾ ਮੁਖੀ ਅਤੇ ਹੋਰ ਪੁਲੀਸ ਕਰਮਚਾਰੀ ਵੀ ਮੌਕੇ ‘ਤੇ ਪਹੁੰਚੇ। ਦੂਸਰੇ ਪਾਸੇ ਪੁਲੀਸ ਥਾਣਾ ਕਲਾਨੌਰ ‘ਚ ਰੋਸ ਵਜੋਂ ਪਹੁੰਚੀਆਂ ਸਿੱਖ ਜਥੇਬੰਦੀਆਂ ਦੇ ਆਗੂ ਲਖਵਿੰਦਰ ਸਿੰਘ ਆਦੀਆਂ, ਖ਼ਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਭੰਗੂ, ਅਕਾਲ ਕੌਂਸਲ ਜਥੇਬੰਦੀ ਦੇ ਭਾਈ ਬਿਕਰਮਜੀਤ ਸਿੰਘ ਭੱਟੀ, ਮਨਜੀਤ ਸਿੰਘ ਖ਼ਾਲਸਾ, ਬਿਕਰਮਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਹੋ ਰਹੀਆਂ ਬੇਅਦਬੀਆਂ ਵੱਡੀ ਚਿੰਤਾ ਦਾ ਵਿਸ਼ਾ ਹਨ। ਗ੍ਰਿਫ਼ਤਾਰ ਨੌਜਵਾਨ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਬਾਅਦ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲ ਚੁੱਕਿਆ ਕਿ ਸਰਕਾਰ ਵੱਲੋਂ ਸਖ਼ਤੀ ਨਾ ਕਰਨ ਅਤੇ ਕਾਨੂੰਨ ਵੱਲੋਂ ਸਖ਼ਤ ਸਜ਼ਾਵਾਂ ਨਾ ਦਿੱਤੇ ਜਾਣ ਕਰਕੇ ਅਜਿਹੀਆਂ ਮੰਦਭਾਗੀਆਂ ਘਟਨਾ ਵਾਪਰ ਰਹੀਆਂ ਹਨ। ਇਸ ਸਬੰਧ ‘ਚ ਸਖ਼ਤ ਕਾਨੂੰਨ ਬਣਾਉਣ ਅਤੇ ਪੁਲੀਸ ਵੱਲੋਂ ਵੀ ਸਖ਼ਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ।