ਪੰਜਾਬੀ ਸੰਗੀਤ ਜਗਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਏ.ਜੀ.ਟੀ.ਐੱਫ. ਨੇ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕਾਂ, ਗੈਂਗਸਟਰਾਂ ਅਤੇ ਟਰੈਵਲ ਏਜੰਟਾਂ ਦਾ ਗਠਜੋੜ ਹੋਣ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਤਿੰਨ ਗੈਂਗਸਟਰਾਂ ਨੂੰ ਟਰੈਵਲ ਏਜੰਟਾਂ ਵੱਲੋਂ ਫਰਜ਼ੀ ਪਾਸਪੋਰਟਾਂ ਜ਼ਰੀਏ ਵਿਦੇਸ਼ਾਂ ‘ਚ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਪਟਿਆਲਾ ਤੋਂ ਕੀਤੀ ਗਈ ਹੈ। ਕੁਝ ਹਫ਼ਤੇ ਪਹਿਲਾਂ ਹੀ ਗਾਇਕ ਕਰਨ ਔਜਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ ਜਿਸ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਅਨਮੋਲ ਬਿਸ਼ਨੋਈ ਨਜ਼ਰ ਆਇਆ ਸੀ। ਇਸ ਵਾਇਰਲ ਵੀਡੀਓ ‘ਚ ਭਗੌੜਾ ਅਨਮੋਲ ਬਿਸ਼ਨੋਈ, ਜੋ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ, ਉਹ ਕਰਨ ਔਜਲਾ ਨਾਲ ਸਟੇਜ ‘ਤੇ ਨੱਚਦਾ ਹੋਇਆ ਨਜ਼ਰ ਆਇਆ ਸੀ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਅਤੇ ਨਾਲ ਹੀ ਕਰਨ ਔਜਲਾ ਵਿਵਾਦਾਂ ‘ਚ ਘਿਰ ਗਏ। ਹਾਲਾਂਕਿ ਇਸ ਤੋਂ ਬਾਅਦ ਕਰਨ ਔਜਲਾ ਨੇ ਆਪਣਾ ਪੱਖ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਸਾਂਝਾ ਕੀਤਾ ਸੀ। ਕੈਲੀਫੋਰਨੀਆ ‘ਚ ਇਸ ਪ੍ਰੋਗਰਾਮ ‘ਚ ਅਨਮੋਲ ਬਿਸ਼ਨੋਈ ਦੀ ਸ਼ਮੂਲੀਅਤ ਨੂੰ ਲੈ ਕੇ ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਸੀ। ਗਾਇਕ ਕਰਨ ਨੇ ਦੱਸਿਆ ਕਿ ਉਹ 16 ਅਪ੍ਰੈਲ ਦਿਨ ਐਤਵਾਰ ਨੂੰ ਇਕ ਵਿਆਹ ਸਮਾਗਮ ‘ਚ ਪਰਫਾਰਮ ਕਰਨ ਲਈ ਅਮਰੀਕਾ ਗਿਆ ਸੀ ਅਤੇ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਇਸ ਸਮਾਗਮ ‘ਚ ਕੌਣ-ਕੌਣ ਸ਼ਾਮਲ ਹੋ ਰਿਹਾ ਹੈ। ਕਰਨ ਔਜਲਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਮੈਨੇਜਰ ਸ਼ਾਰਪੀ ਘੁੰਮਣ ਵਿਵਾਦਾਂ ‘ਚ ਘਿਰ ਗਿਆ ਸੀ ਕਿਉਂਕਿ ਇਸ ਸ਼ੋਅ ਨੂੰ ਉਸ ਨੇ ਬੁੱਕ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਹੋਈ ਹੈ ਤਾਂ ਕਿ ਮੂਸੇਵਾਲਾ ਕੇਸ ‘ਚ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਦੱਸਿਆ ਜਾਂਦਾ ਹੈ ਕਿ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਨੇ ਇਸ ਦੌਰਾਨ ਆਪਣੇ ਭਰਾ ਅਨਮੋਲ ਨੂੰ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਸੀ। ਉਸ ਨੇ ਆਪਣੇ ਭਰਾ ਨੂੰ ਫਰਜ਼ੀ ਪਾਸਪੋਰਟ ਰਾਹੀਂ ਅਮਰੀਕਾ ਭੇਜਿਆ ਸੀ ਅਤੇ ਇਸ ਬਾਰੇ ਹੋਰ ਵੇਰਵੇ ਜਾਂਚ ਅੱਗੇ ਵਧਣ ਤੋਂ ਬਾਅਦ ਹੀ ਸਾਹਮਣੇ ਆਉਣਗੇ।