ਇੰਡੀਆ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਲੀਡ ਬਣਾਉਣ ਤੋਂ ਬਾਅਦ ਕੋਰੀਆ ਦੀ ਦੂਜਾ ਦਰਜਾ ਹਾਸਲ ਆਨ ਸੀ ਯੰਗ ਤੋਂ ਹਾਰ ਕੇ ਏਸ਼ੀਆ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚੋਂ ਬਾਹਰ ਹੋ ਗਈ ਹੈ। ਸਿੰਧੂ ਨੇ ਪਹਿਲਾ ਸੈੱਟ 21-18 ਨਾਲ ਜਿੱਤਿਆ ਪਰ ਅਗਲੇ ਦੋ ਸੈੱਟ 5-21 ਤੇ 9-21 ਨਾਲ ਗੁਆ ਦਿੱਤੇ। ਉਧਰ ਅੱਠਵਾਂ ਦਰਜਾ ਖਿਡਾਰੀ ਐੱਚ.ਐੱਸ. ਪ੍ਰਨੋਏ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਿਆ ਹੈ। ਉਸ ਨੇ ਜਪਾਨ ਦੇ ਕਾਂਤਾ ਸੁਨੇਯਾਮਾ ਖ਼ਿਲਾਫ਼ ਮੁਕਾਬਲਾ ਵਿਚਾਲੇ ਹੀ ਛੱਡ ਦਿੱਤਾ। ਪ੍ਰਨੋਏ ਉਸ ਸਮੇਂ 11-21, 9-21 ਨਾਲ ਪਿੱਛੇ ਸੀ ਜਦੋਂ ਉਸ ਨੂੰ ਸੱਟ ਕਾਰਨ ਕੋਰਟ ਛੱਡਣਾ ਪਿਆ। ਕੁਆਲੀਫਾਇਰ ਰੋਹਨ ਕਪੂਰ ਤੇ ਐੱਨ ਸਿੱਕੀ ਰੈੱਡੀ ਦੀ ਮਿਕਸਡ ਜੋੜੀ ਨੂੰ ਇੰਡੋਨੇਸ਼ੀਆ ਦੇ ਦੇਜਾਨ ਐੱਫ ਤੇ ਗਲੋਰੀਆ ਇਮੈਨੁਅਲ ਨੇ 21-18, 19-21, 21-15 ਨਾਲ ਹਰਾਇਆ।