ਆਈ.ਪੀ.ਐੱਲ. ‘ਚ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਸਨ ਜਿਸ ‘ਚ ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਹਰਾਇਆ। ਦਿੱਲੀ ਵੱਲੋਂ ਮਿਚਲ ਮਾਰਸ਼ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲਈਆਂ ਉਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਵੀ ਅਰਧ ਸੈਂਕੜਾ ਜੜਿਆ, ਪਰ ਇਸ ਪ੍ਰਦਰਸ਼ਨ ਦੇ ਬਾਵਜੂਦ ਵੀ ਟੀਮ ਮੁਕਾਬਲਾ ਆਪਣੇ ਨਾਂ ਨਹੀਂ ਕਰ ਸਕੀ। ਅਭਿਸ਼ੇਕ ਸ਼ਰਮਾ ਦੀ ਆਲਰਾਊਂਡ ਖੇਡ ਤੇ ਆਖਰੀ ਓਵਰਾਂ ‘ਚ ਹੈਨਰਿਕ ਕਲਾਸੇਨ ਦੀ ਹਮਲਾਵਰ ਬੱਲੇਬਾਜ਼ੀ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਦਾ ਮੁੱਡ ਬੰਨ੍ਹਿਆ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ 36 ਗੇਂਦਾਂ ‘ਚ 67 ਦੌੜਾਂ ਤੇ ਹੈਨਰਿਕ ਕਲਾਸੇਨ ਦੀ 27 ਗੇਂਦਾਂ ‘ਚ ਅਜੇਤੂ 53 ਦੌੜਾਂ ਦੀ ਪਾਰੀ ਦੇ ਦਮ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 197 ਦੌੜਾਂ ਬਣਾਈਆਂ, ਜਿਹੜਾ ਮੌਜੂਦਾ ਸੈਸ਼ਨ ‘ਚ ਇਸ ਮੈਦਾਨ ‘ਤੇ ਉਸ ਦਾ ਬੈਸਟ ਸਕੋਰ ਹੈ। ਦਿੱਲੀ ਦੀ ਟੀਮ ਲਈ ਮਿਸ਼ੇਲ ਮਾਰਸ਼ ਦੀ ਆਲਰਾਊਂਡ ਖੇਡ ਤੇ ਫਿਲ ਸਾਲਟ ਦੇ ਨਾਲ ਦੂਜੀ ਵਿਕਟ ਲਈ 66 ਗੇਂਦਾਂ ‘ਚ 112 ਦੌੜਾਂ ਦੀ ਸਾਂਝੇਦਾਰੀ ਨਾਕਾਫੀ ਸਾਬਤ ਹੋਈ ਤੇ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 188 ਦੌੜਾਂ ਹੀ ਬਣਾ ਸਕੀ। ਇਸ ਹਾਰ ਦੇ ਨਾਲ ਦਿੱਲੀ ਕੈਪੀਟਲਸ ਲਈ ਪਲੇਅ ਆਫ ਲਈ ਕੁਆਲੀਫਾਈ ਕਰਨ ਦਾ ਰਸਤਾ ਔਖਾ ਹੋ ਗਿਆ ਹੈ।