ਨਵਜੋਤ ਸਿੱਧੂ ਦਾ ਭਾਵੇਂ ਹੀ ਬਾਦਲਕਿਆਂ ਨਾਲ ਛੱਤੀ ਦਾ ਆਂਕੜਾ ਚੱਲਦਾ ਹੋਵੇ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਲਾਣੇ ਮਗਰੋਂ ਉਹ ਪਿੰਡ ਬਾਦਲ ਵਿਖੇ ਅਫਸੋਸ ਜ਼ਾਹਿਰ ਕਰਨ ਪੁੱਜੇ। ਇਸ ਸਮੇਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਬਾਦਲ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਪਿਤਾ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਦੁੱਖਾ ਹੈ ਅਤੇ ਉਹ ਇਹ ਦੁੱਖ ਹੰਢਾ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ ਨਾਲ ਨੂੰ ਲੋਕਾਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਸੀ, ਇਸ ਦਾ ਸਨਮਾਨ ਹੋਣਾ ਚਾਹੀਦਾ ਹੈ। ਉਹ ਉਨ੍ਹਾਂ ਨਾਲ 150 ਤੋਂ 200 ਰੈਲੀਆਂ ਕਰ ਚੁੱਕੇ ਹਨ, ਜਿਹੜੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰਹਿਣਗੀਆਂ। ਸਰਦਾਰ ਬਾਦਲ ਨਾਲ ਉਨ੍ਹਾਂ ਦੇ ਜਿਹੜੇ ਵੀ ਮਨ-ਮੁਟਾਵ ਸਨ ਉਹ ਉਨ੍ਹਾਂ ਦੇ ਨਾਲ ਹੀ ਦਫ਼ਨ ਹੋ ਗਏ ਹਨ। ਸਰਦਾਰ ਬਾਦਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਆਪਣੀ ਯੋਜਨਾ ਕਿਸੇ ਨੂੰ ਨਹੀਂ ਦੱਸਦੇ ਸਨ। ਸਰਦਾਰ ਬਾਦਲ ਕਹਿੰਦੇ ਸੀ ਜੇ ਤੁਹਾਡੇ ਅੰਦਰ ਕੋਈ ਵੱਡੀ ਯੋਜਨਾ ਹੈ ਤਾਂ ਇਸ ਬਾਰੇ ਆਪਣੀ ਘਰਵਾਲੀ ਨੂੰ ਵੀ ਨਾ ਦੱਸੋ, ਬਾਦਲ ਸੁਣਦੇ ਸਭ ਦੀ ਸੀ ਪਰ ਬੋਲਦੇ ਨਹੀਂ ਸੀ। ਇਕ ਹੋਰ ਯਾਦ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਹੰਦ ‘ਚ ਇਕ ਵਾਰ ਜਦੋਂ ਬਾਦਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਬਚਪਨ ਦਾ ਦੋਸਤ ਮਿਲਿਆ ਅਤੇ ਬਹੁਤ ਬੁਰਾ ਭਲਾ ਕਿਹਾ ਇਸ ਮੌਕੇ ਬਾਦਲ ਨਾਲ ਮੌਜੂਦ ਇੰਸਪੈਕਟਰ ਉਸ ਨੂੰ ਫੜਨ ਲੱਗਾ ਤਾਂ ਸਰਦਾਰ ਬਾਦਲ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਮੇਰਾ ਦੋਸਤ ਹੈ ਇਸ ਨੂੰ ਹੱਕ ਹੈ ਬੋਲਣ ਦਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਦੁੱਖ ਸਹਿਣ ਦੀ ਤਾਕਤ ਦੇਵੇ ਅਤੇ ਸਰਦਾਰ ਬਾਦਲ ਦੀ ਆਤਮਾ ਨੂੰ ਚਰਨਾ ‘ਚ ਨਿਵਾਸ ਬਖਸ਼ੇ।