ਇੰਡੀਆ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਜੋੜੀ 58 ਸਾਲਾਂ ਦਾ ਸੋਕਾ ਖਤਮ ਕਰਦਿਆਂ ਏਸ਼ੀਆ ਚੈਂਪੀਅਨਸ਼ਿਪ ਜਿੱਤ ਲਈ ਹੈ। ਰੰਕੀਰੈੱਡੀ ਅਤੇ ਸ਼ੈੱਟੀ ਦੀ ਜੋੜੀ ਦਿਨੇਸ਼ ਖੰਨਾ (ਸਿੰਗਲਜ਼ ਵਰਗ ‘ਚ ਸੋਨ ਤਗ਼ਮਾ) ਤੋਂ ਬਾਅਦ ਇਹ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਪੁਰਸ਼ ਜੋੜੀ ਬਣ ਗਈ ਹੈ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮੈਚ ਦੌਰਾਨ ਪਹਿਲਾ ਸੈੱਟ ਗੁਆਉਣ ਮਗਰੋਂ ਜਬਰਦਸਤ ਵਾਪਸੀ ਕਰਦਿਆਂ ਮਲੇਸ਼ਿਆਈ ਜੋੜੀ ਓਂਗ ਯਿਊ ਸਿਨ ਅਤੇ ਤੇਓ ਏਈ ਯੀ ਦੀ ਜੋੜੀ ਨੂੰ 16-21, 21-17, 21-19 ਨਾਲ ਹਰਾਇਆ। ਇਸ ਤੋਂ ਪਹਿਲਾਂ ਹੁਣ ਤੱਕ ਇਸ ਚੈਂਪੀਅਨਸ਼ਿਪ ‘ਚ ਇੰਡੀਆ ਵੱਲੋਂ ਇਕਲੌਤਾ ਸੋਨ ਤਗ਼ਮਾ ਦਿਨੇਸ਼ ਖੰਨਾ ਨੇ ਜਿੱਤਿਆ ਸੀ। ਖੰਨਾ ਨੇ 1965 ‘ਚ ਲਖਨਊ ‘ਚ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ‘ਚ ਥਾਈਲੈਂਡ ਦੇ ਸਾਂਗੋਬ ਰਤਨੂਸੋਰਨ ਨੂੰ ਹਰਾਇਆ ਸੀ ਜਦਕਿ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਵਰਗ ‘ਚ ਇੰਡੀਆ ਦਾ ਸਰਵੋਤਮ ਪ੍ਰਦਰਸ਼ਨ ਕਾਂਸੀ ਦਾ ਤਗ਼ਮਾ ਸੀ, ਜਿਹੜਾ ਦੀਪੂ ਘੋਸ਼ ਅਤੇ ਰਮਨ ਘੋਸ਼ ਦੀ ਜੋੜੀ ਨੇ 1971 ‘ਚ ਜਿੱਤਿਆ ਸੀ। ਬਾਸੇਲ ‘ਚ ਸਵਿਸ ਓਪਨ ਸੁਪਰ 300 ਟੂਰਨਾਮੈਂਟ ਦਾ ਖ਼ਿਤਾਬ ਜੇਤੂ ਸਾਤਵਿਕ ਤੇ ਚਿਰਾਗ ਦੀ ਜੋੜੀ ਦਾ ਇਸ ਸੈਸ਼ਨ ‘ਚ ਇਹ ਦੂਜਾ ਖ਼ਿਤਾਬ ਹੈ। ਏਸ਼ੀਆ ਚੈਂਪੀਅਨਸ਼ਿਪ ਤੋਂ ਇਲਾਵਾ ਅਮਾਲਾਪੁਰਮ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਮੁੰਬਈ ਦੇ ਚਿਰਾਗ ਸ਼ੈੱਟੀ ਨੇ ਰਾਸ਼ਟਰਮੰਡਲ ਖੇਡਾਂ-2022 ‘ਚ ਵੀ ਸੋਨ ਤਗ਼ਮਾ ਜਿੱਤਿਆ ਸੀ।