ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਈ.ਪੀ.ਐੱਲ. ਦੇ ਅਗਲੇ ਮੈਚ ‘ਚ ਆਹਮੋ ਸਾਹਮਣੇ ਹੋਈਆਂ। ਇਸ ਲੋਅ ਸਕੋਰਿੰਗ ਮੁਕਾਬਲੇ ‘ਚ ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ। ਬੈਂਗਲੁਰੂ ਵੱਲੋਂ ਨਿਰਧਾਰਤ 20 ਓਵਰਾਂ ‘ਚ ਦਿੱਤੇ 127 ਦੌੜਾਂ ਦੇ ਟੀਚੇ ਦੇ ਜਵਾਬ ‘ਚ ਲਖਨਊ ਮਹਿਜ਼ 108 ਦੌੜਾਂ ‘ਤੇ ਹੀ ਸਿਮਟ ਗਈ। ਰਾਇਲ ਚੈਲੰਜਰਜ਼ ਬੈਂਗਲੁਰੂ ਜਦੋਂ ਮੈਚ ਜਿੱਤੀ ਤਾਂ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਤੇ ਲਖਨਊ ਸੁਪਰ ਜਾਇੰਟਸ ਦੇ ਮੈਂਟੋਰ ਗੌਤਮ ਗੰਭੀਰ ਆਹਮੋ-ਸਾਹਮਣੇ ਹੋ ਗਏ। ਦੋਹਾਂ ਟੀਮਾਂ ਦੇ ਸਾਥੀਆਂ ਨੇ ‘ਚ ਆ ਕੇ ਬਚਾਅ ਕੀਤਾ। ਪੂਰੀ ਘਟਨਾ ਤੋਂ ਬਾਅਦ ਵਿਰਾਟ ਕੋਹਲੀ ਲੰਬੇ ਸਮੇਂ ਤਕ ਕੇ.ਐੱਲ. ਰਾਹੁਲ ਦੇ ਨਾਲ ਖੜ੍ਹਾ ਹੋ ਕੇ ਇਸ ਮੁੱਦੇ ‘ਤੇ ਚਰਚਾ ਕਰਦਾ ਦਿਖਾਈ ਦਿੱਤਾ। ਦੱਸਦਈਏ ਕਿ ਦੋਵੇਂ ਟੀਮਾਂ ਵਿਚਾਲੇ ਸੈਸ਼ਨ ਦੇ ਪਿਛਲੇ ਮੁਕਾਬਲੇ ‘ਚ ਵੀ ਦੋਵਾਂ ਵਿਚਾਲੇ ਬਹਿਸ ਹੋਈ ਸੀ ਪਰ ਮੈਚ ਤੋਂ ਬਾਅਦ ਦੋਵਾਂ ਦੀ ਇਕ-ਦੂਜੇ ਨੂੰ ਜੱਫੀ ਪਾਈ ਫੋਟੋ ਬਾਹਰ ਆਈ ਸੀ। ਫੈਨਸ ਨੂੰ ਉਮੀਦ ਸੀ ਕਿ ਸਭ ਕੁਝ ਸਹੀ ਹੋ ਗਿਆ ਪਰ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਤਣਾਅ ਦੇ ਸਬੂਤ ਸਾਹਮਣੇ ਆਉਣ ਲੱਗੇ ਹਨ। ਜ਼ਿਕਰਯੋਗ ਹੈ ਕਿ ਗੰਭੀਰ ਤੇ ਵਿਰਾਟ ਪਹਿਲਾਂ ਵੀ ਆਈ.ਪੀ.ਐੱਲ.-2013 ‘ਚ ਜਨਤਕ ਤੌਰ ‘ਤੇ ਬਹਿਸਬਾਜ਼ੀ ਕਰਦੇ ਦਿਸੇ ਸਨ।