ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ‘ਚ ਸਿਖਰਲਾ ਦਰਜਾ ਪ੍ਰਾਪਤ ਕਾਰਲਸ ਅਲਕਰਾਜ਼ ਅਤੇ ਇਗਾ ਸਵਿਆਤੇਕ ਨੇ ਸਿੱਧੇ ਸੈੱਟਾਂ ‘ਚ ਜਿੱਤ ਦਰਜ ਕਰਕੇ ਅਗਲੇ ਗੇੜ ‘ਚ ਜਗ੍ਹਾ ਬਣਾ ਲਈ ਹੈ। ਪਹਿਲੇ ਗੇੜ ‘ਚ ਤਿੰਨ ਸੈੱਟ ਤੱਕ ਜੂਝਣ ਵਾਲਾ ਅਲਕਰਾਜ਼ ਦੂਜੇ ਗੇੜ ‘ਚ 26ਵਾਂ ਦਰਜਾ ਪ੍ਰਾਪਤ ਗਰੀਗੋਰ ਦਿਮਿਤਰੋਵ ਨੂੰ 6-2, 7-5 ਨਾਲ ਹਰਾ ਕੇ ਆਖ਼ਰੀ 16 ‘ਚ ਸ਼ਾਮਲ ਹੋ ਗਿਆ ਹੈ ਅਤੇ ਉਸ ਨੇ ਆਪਣਾ ਖਿਤਾਬ ਬਣਾਉਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਅਲਕਰਾਜ਼ ਦਾ ਅਗਲਾ ਮੁਕਾਬਲਾ 13ਵਾਂ ਦਰਜਾ ਪ੍ਰਾਪਤ ਅਲੈਗਜੈਂਡਰ ਜ਼ਵੇਰੇਵ ਨਾਲ ਹੋਵੇਗਾ ਜਿਸ ਨੂੰ ਉਸ ਨੇ ਪਿਛਲੇ ਸਾਲ ਫਾਈਨਲ ‘ਚ ਹਰਾਇਆ ਸੀ। ਦੋ ਵਾਰ ਦੇ ਮੈਡਰਿਡ ਓਪਨ ਚੈਂਪੀਅਨ ਜ਼ਵੇਰੇਵ ਨੇ ਕੁਆਲੀਫਾਇਰ ਹੁਆਂਗੋ ਗਰੇਨਿਯਰ ਨੂੰ ਇਕ ਘੰਟੇ ਤੋਂ ਘੱਟ ਸਮੇਂ ‘ਚ 6-1, 6-0 ਨਾਲ ਹਰਾਇਆ। ਮਹਿਲਾ ਵਰਗ ‘ਚ ਸਵਿਆਤੇਕ ਨੇ ਬਰਨਾਰਡਾ ਪੇਰਾ ‘ਤੇ 6-3, 6-2 ਨਾਲ ਜਿੱਤ ਦਰਜ ਕੀਤੀ। ਉਸ ਦਾ ਅਗਲਾ ਮੁਕਾਬਲਾ 22ਵਾਂ ਦਰਜਾ ਪ੍ਰਾਪਤ ਜ਼ਿਹੇਂਗ ਕਿਨਵੇਨ ਜਾਂ 16ਵਾਂ ਦਰਜਾ ਪ੍ਰਾਪਤ ਏਕਾਤੇਰਿਨਾ ਅਲੈਗਜੈਂਡਰੋਵਾ ਨਾਲ ਹੋਵੇਗਾ। ਤੀਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੂੰ ਮੈਰੀ ਬੂਜਕੋਵਾ ‘ਤੇ 6-4, 7-6 (2) ਨਾਲ ਜਿੱਤ ਦਰਜ ਕਰਨ ਲਈ ਸਖ਼ਤ ਮਿਹਤਨ ਕਰਨੀ ਪਈ। ਆਂਦਰੇ ਰੂਬਲੇਵ ਨੇ ਯੋਸ਼ੀਹਿਤੋ ਨਿਸ਼ੀਓਕਾ ‘ਤੇ 6-2, 7-5 ਨਾਲ ਜਿੱਤ ਦਰਜ ਕੀਤੀ। ਉਸ ਦਾ ਅਗਲਾ ਮੁਕਾਬਲਾ 10ਵਾਂ ਦਰਜਾ ਪ੍ਰਾਪਤ ਕਰੇਨ ਖਾਚਾਨੋਵ ਨਾਲ ਹੋਵੇਗਾ, ਜਿਸ ਨੇ ਰਾਬਰਟ ਆਗੁਟ ਨੂੰ 7-5, 4-6, 6-3 ਨਾਲ ਹਰਾਇਆ।