ਚਾਰ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਸਾਬਕਾ ਕੇਂਦਰੀ ਮੰਤਰੀ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ, ਜਿਨ੍ਹਾਂ ਬੀਤੇ ਕੱਲ੍ਹ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ, ਉਨ੍ਹਾਂ ਅੱਜ ਅਸਤੀਫਾ ਵਾਪਸ ਲੈਣ ਬਾਰੇ ਵਿਚਾਰ ਕਰਨ ਦੀ ਗੱਲ ਆਖੀ ਹੈ। ਅਜਿਹਾ ਪਾਰਟੀ ਆਗੂਆਂ ਦੇ ਦਬਾਅ ਕਾਰਨ ਉਨ੍ਹਾਂ ਕਿਹਾ ਅਤੇ ਇਸ ਲਈ ਦੋ-ਤਿੰਨ ਦਾ ਸਮਾਂ ਮੰਗਿਆ ਹੈ। ਜ਼ਿਕਰਯੋਗ ਹੈ ਪਾਰਟੀ ਦੀ ਅਗਵਾਈ ਪਵਾਰ 1999 ਤੋਂ ਇਸ ਦੀ ਸਥਾਪਨਾ ਦੇ ਸਮੇਂ ਤੋਂ ਹੀ ਕਰ ਰਹੇ ਹਨ। ਉਨ੍ਹਾਂ ਹੀ ਐੱਨ.ਸੀ.ਪੀ. ਦੀ ਸਥਾਪਨਾ ਕੀਤੀ ਸੀ। ਪਵਾਰ (82) ਨੇ ਇਹ ਐਲਾਨ ਆਪਣੀ ਆਤਮਕਥਾ ਦੇ ਸੋਧੇ ਹੋਏ ਰੂਪ ਦੇ ਲਾਂਚ ਮੌਕੇ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦਾ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਤੇ ਵਰਕਰਾਂ ਨੇ ਪਵਾਰ ਨੂੰ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ। ਪਾਰਟੀ ਆਗੂ ਜੈਅੰਤ ਪਾਟਿਲ ਤੇ ਜਿਤੇਂਦਰ ਅਵਾਹਦ ਪਵਾਰ ਦੇ ਐਲਾਨ ਮੌਕੇ ਜਜ਼ਬਾਤੀ ਹੋ ਗਏ। ਪਾਰਟੀ ਦੇ ਸੰਸਦ ਮੈਂਬਰ ਪ੍ਰਫੁਲ ਪਟੇਲ ਨੇ ਸ਼ਰਦ ਪਵਾਰ ਨੂੰ ਫ਼ੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ। ਪਟੇਲ ਨੇ ਕਿਹਾ ਕਿ ਪਵਾਰ ਨੇ ਆਪਣੇ ਅਸਤੀਫ਼ੇ ਦੇ ਐਲਾਨ ਤੋਂ ਪਹਿਲਾਂ ਕਿਸੇ ਨੂੰ ਵੀ ਭਰੋਸੇ ‘ਚ ਨਹੀਂ ਲਿਆ। ਪਵਾਰ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਆਪਣਾ ਸਿਆਸੀ ਸਫ਼ਰ ਪਹਿਲੀ ਮਈ 1960 ਨੂੰ ਸ਼ੁਰੂ ਕੀਤਾ ਸੀ ਜੋ ਕਿ ਪਿਛਲੇ 63 ਸਾਲਾਂ ਤੋਂ ਹੁਣ ਤੱਕ ਬੇਰੋਕ ਜਾਰੀ ਹੈ। ਉਨ੍ਹਾਂ ਕਿਹਾ, ‘ਮੈਂ ਵੱਖ-ਵੱਖ ਅਹੁਦਿਆਂ ਉਤੇ ਰਹਿੰਦਿਆਂ ਮਹਾਰਾਸ਼ਟਰ ਤੇ ਭਾਰਤ ਦੀ ਸੇਵਾ ਕੀਤੀ ਹੈ। ਰਾਜ ਸਭਾ ਮੈਂਬਰ ਵਜੋਂ ਮੇਰੇ ਤਿੰਨ ਸਾਲ ਬਾਕੀ ਹਨ, ਇਸ ਦੌਰਾਨ ਮੈਂ ਮਹਾਰਾਸ਼ਟਰ ਤੇ ਭਾਰਤ ਨਾਲ ਜੁੜੇ ਮੁੱਦਿਆਂ ਉਤੇ ਧਿਆਨ ਕੇਂਦਰਿਤ ਕਰਾਂਗਾ, ਮੈਂ ਇਸ ਦੌਰਾਨ ਕੋਈ ਜ਼ਿੰਮੇਵਾਰੀ ਨਹੀਂ ਸੰਭਾਲਾਂਗਾ। ਪਹਿਲੀ ਮਈ 1960 ਤੋਂ ਲੈ ਕੇ ਪਹਿਲੀ ਮਈ 2023 ਤੱਕ ਲੋਕ ਸੇਵਾ ‘ਚ ਬਿਤਾਏ ਲੰਮੇ ਸਮੇਂ ਤੋਂ ਬਾਅਦ ਹੁਣ ਪਿੱਛੇ ਹੋਣ ਦਾ ਸਮਾਂ ਆ ਗਿਆ ਹੈ। ਇਸ ਲਈ ਮੈਂ ਐੱਨ.ਸੀ.ਪੀ. ਦੇ ਪ੍ਰਧਾਨ ਵਜੋਂ ਹਟ ਰਿਹਾ ਹੈ।’ ਸੀਨੀਅਰ ਆਗੂ ਅਜੀਤ ਪਵਾਰ ਨੇ ਕਿਹਾ ਕਿ ਸੀਨੀਅਰ ਪਵਾਰ ਅਸਤੀਫ਼ੇ ਬਾਰੇ ਪਾਰਟੀ ਦੇ ਕਮੇਟੀ ਦੇ ਫ਼ੈਸਲੇ ਨੂੰ ਮੰਨਣਗੇ। ਸ਼ਰਦ ਪਵਾਰ ਨੇ ਭਾਵੁਕ ਹੋਏ ਪਾਰਟੀ ਵਰਕਰਾਂ ਨੂੰ ਕਿਹਾ, ‘ਮੈਂ ਤੁਹਾਡੇ ਨਾਲ ਹਾਂ, ਪਰ ਐੱਨ.ਸੀ.ਪੀ. ਪ੍ਰਧਾਨ ਵਜੋਂ ਨਹੀਂ।’ ਪਵਾਰ ਦਾ ਅਸਤੀਫ਼ਾ ਉਸ ਵੇਲੇ ਸਾਹਮਣੇ ਆਇਆ ਹੈ ਜਦ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਵੱਖ-ਵੱਖ ਵਿਚਾਰਧਾਰਾਵਾਂ ਤੇ ਹਿੱਤਾਂ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਾਲੇ ਥੰਮ੍ਹ ਵਜੋਂ ਦੇਖਿਆ ਜਾ ਰਿਹਾ ਹੈ।