ਟੀਮ ਇੰਡੀਆ ਦੇ ਗੇਂਦਬਾਜ਼ ਮੁਹੰਮਦ ਸ਼ਮੀ ਦਾ ਆਪਣੀ ਪਤਨੀ ਨਾਲ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਚਾਲੇ ਹੁਣ ਉਸ ਦੀ ਪਤਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੁਹੰਮਦ ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਦੇ 28 ਮਾਰਚ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ‘ਚ ਅਲੀਪੁਰ ਦੇ ਸੈਸ਼ਨ ਕੋਰਟ ਦੇ ਗ੍ਰਿਫ਼ਤਾਰੀ ‘ਤੇ ਰੋਕ ਦੇ ਹੁਕਮ ਨੂੰ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ। ਪਟੀਸ਼ਨ ਮੁਤਾਬਕ ਸ਼ਮੀ ‘ਤੇ ਸੀ.ਆਰ.ਪੀ.ਸੀ. ਦੀ ਧਾਰਾ 498ਏ ਤੇ 354 ਤਹਿਤ ਦਰਜ ਮਾਮਲੇ ‘ਚ 29 ਅਗਸਤ 2019 ਨੂੰ ਮੈਜਸਿਟਰੇਟ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਕਤ ਹੁਕਮ ਨੂੰ ਸ਼ਮੀ ਨੇ ਸੈਸ਼ਨ ਕੋਰਟ ‘ਚ ਚੁਣੌਤੀ ਦਿੱਤੀ ਸੀ। ਜਿੱਥੇ ਸੈਸ਼ਨ ਕੋਰਟ ਨੇ ਮੈਜੀਸਟਰੇਟ ਕੋਰਟ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਸੈਸ਼ਨ ਕੋਰਟ ਦੇ ਹੁਕਮ ਨੂੰ ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਜਿੱਥੇ ਕਲਕੱਤਾ ਹਾਈ ਕੋਰਟ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਹੁਣ ਕਲਕੱਤਾ ਹਾਈ ਕੋਰਟ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਦੀ ਪਤਨੀ ਵੱਲੋਂ ਉਨ੍ਹਾਂ ਉੱਪਰ ਦਾਜ-ਦਹੇਜ ਲਈ ਤੰਗ ਕਰਨ ਤੇ ਹੋਰ ਕੁੜੀਆਂ ਨਾਲ ਨਾਜਾਇਜ਼ ਸਬੰਧ ਰੱਖਣ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਸਨ।