ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਜਵਾਬੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ, ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿੰਘ ਸਿਰਸਾ ਆਪਸ ‘ਚ ਸਲਾਹ ਕਰਕੇ ਗਲਤ ਬਿਆਨੀ ਕਰਦੇ ਹਨ। ਅਜਿਹਾ ਕਰਕੇ ਉਹ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ ਪਰ ਲੋਕ ਉਨ੍ਹਾਂ ਦੇ ਕਿਰਦਾਰਾਂ ਤੋਂ ਭਲੀਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੇ ਇਕ ਮੰਤਰੀ ਖ਼ਿਲਾਫ਼ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਕੈਬਨਿਟ ਮੰਤਰੀ ਨੇ ਨਾ ਤਾਂ ਕੋਈ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਮੰਤਰੀ ਦੀ ਕੋਈ ਵੀਡੀਓ ਉਨ੍ਹਾਂ ਕੋਲ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ ਤੇ ਮਨਜਿੰਦਰ ਸਿੰਘ ਸਿਰਸਾ ਹਮਸਲਾਹ ਹੋ ਕੇ ਬਿਆਨ ਦਿੰਦੇ ਹਨ। ਇਨ੍ਹਾਂ ਦੋਸ਼ਾਂ ਤੋਂ ਪਤਾ ਲਗਦਾ ਹੈ ਕਿ ਉਹ ਸਾਰੇ ਜਲੰਧਰ ਜ਼ਿਮਨੀ ਚੋਣ ‘ਚ ਬੁਰੀ ਤਰ੍ਹਾਂ ਹਾਰ ਰਹੇ ਹਨ ਅਤੇ ਹਾਰ ਦੀ ਬੁਖਲਾਹਟ ਕਰਕੇ ਅਜਿਹੇ ਦੋਸ਼ ਲਗਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੂੰ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਦੀ ਟਿਕਟ ਕਿਸ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਟਾਰੂਚੱਕ ਇੰਨੇ ਹੀ ਮਾੜੇ ਸਨ ਤਾਂ ਸੁਖਪਾਲ ਖਹਿਰਾ ਨੇ ਉਸ ਸਮੇਂ ਟਿਕਟ ਕਿਉਂ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਪਰਚੇ ਖੁੱਲ੍ਹ ਰਹੇ ਹਨ ਤਾਂ ਉਹ ਬੁਖਲਾਹਟ ‘ਚ ਆ ਕੇ ਅਜਿਹੇ ਦੋਸ਼ ਲਗਾਉਣ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਹਲਕਾ ਆਦਮਪੁਰ ਦੇ ਵੱਖ-ਵੱਖ ਇਲਾਕਿਆਂ ‘ਚ ਵੀ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਲੋਕ ਹੁਣ ਇਨ੍ਹਾਂ ਦੇ ਆਗੂਆਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀ ਆਗੂਆਂ ਨੇ ਸੱਤਾ ‘ਚ ਰਹਿੰਦਿਆਂ ਲੋਕ ਪੱਖੀ ਕੰਮ ਕਰਨ ਦੀ ਜਗ੍ਹਾ ਜਨਤਾ ਦਾ ਪੈਸਾ ਲੁੱਟਿਆ। ਹੁਣ ਛਾਪਿਆਂ ਦੌਰਾਨ ਇਨ੍ਹਾਂ ਦੇ ਘਰਾਂ ‘ਚੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲ ਰਹੀਆਂ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦਾ ਕਿੰਨਾ ਪੈਸਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ‘ਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।