ਐਬਟਸਫੋਰਡ ਪੁਲੀਸ ਨੇ ਅਮਨ ਸੂਦ ਨਾਂ ਦੇ ਪੰਜਾਬੀ ਮੂਲ ਦੇ ਉਬਰ ਡਰਾਈਵਰ ‘ਤੇ ਹਮਲਾ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ਼ਲਤ ਮੋੜ ਲੈਣ ‘ਤੇ ਇਸ ਡਰਾਈਵਰ ਨਾਲ ਜ਼ੁਬਾਨੀ ਦੁਰਵਿਵਹਾਰ ਅਤੇ ਹਮਲਾ ਕਰਨ ਦੇ ਮਾਮਲੇ ‘ਚ ਪੁਲਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਬਟਸਫੋਰਡ ਪੁਲੀਸ ਨੇ ਕਿਹਾ ਕਿ 2019 ‘ਚ ਕੈਨੇਡਾ ਆਇਆ ਅਮਨ ਸੂਦ ਸ਼ੱਕੀ ਦੀਆਂ ਹਿੰਸਕ ਕਾਰਵਾਈਆਂ ਕਾਰਨ ਜ਼ਖ਼ਮੀ ਅਤੇ ਸਦਮੇ ‘ਚ ਹੈ। ਪੁਲੀਸ ਨੇ ਕਿਹਾ ਕਿ 18 ਅਪ੍ਰੈਲ ਨੂੰ ਸਵੇਰੇ 6:47 ਵਜੇ ਗਸ਼ਤ ਅਧਿਕਾਰੀਆਂ ਨੂੰ ਮੈਕਲਮ ਰੋਡ ‘ਤੇ ਇਕ ਉਬਰ ਡਰਾਈਵਰ ‘ਤੇ ਹਮਲੇ ਦੀ ਸੂਚਨਾ ਮਿਲੀ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਭੱਜ ਗਿਆ ਸੀ। ਇਕ ਡੈਸ਼ਕੈਮ ਵੀਡੀਓ ‘ਚ ਕੈਦ ਹੋਈ ਇਸ ਘਟਨਾ ‘ਚ ਯਾਤਰੀ ਨੇ ਗ਼ਲਤ ਮੋੜ ਲੈਣ ਤੋਂ ਬਾਅਦ ਸੂਦ ਨੂੰ ਜ਼ੁਬਾਨੀ ਗਾਲ੍ਹਾਂ ਕੱਢੀਆਂ। ਡੇਲੀ ਹਾਈਵ ਨਿਊਜ਼ ਅਨੁਸਾਰ ਸੂਦ ਨੇ ਰੂਟ ਬਦਲਣ ਦੀ ਪੇਸ਼ਕਸ਼ ਕੀਤੀ ਪਰ ਯਾਤਰੀ ਨੇ ਕਿਹਾ ਕਿ ਬਹੁਤ ਦੇਰ ਹੋ ਗਈ ਹੈ ਅਤੇ ਉਹ ….ਡਰਾਈਵਰ ਨਾਲ ਗੱਲ ਨਹੀਂ ਕਰਨਾ ਚਾਹੁੰਦਾ।’ ਵੀਡੀਓ ‘ਚ ਕੈਦ ਹੋਈ ਘਟਨਾ ਮੁਤਾਬਕ ਇਸ ਮਗਰੋਂ ਸੂਦ ਨੇ ਕਾਰ ਰੋਕੀ ਅਤੇ ਉਸ ਵਿਅਕਤੀ ਨੂੰ ਜਾਣ ਲਈ ਕਿਹਾ ਕਿਉਂਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੀ। ਇਸ ‘ਤੇ ਯਾਤਰੀ ਚੀਕਿਆਂ ਅਤੇ ਸੂਦ ਦੇ ਸਿਰ ‘ਚ ਮੁੱਕਾ ਮਾਰ ਦਿੱਤਾ। ਝਗੜੇ ਤੋਂ ਬਾਅਦ ਦੋਵੇਂ ਧਿਰਾਂ ਵਾਹਨ ਤੋਂ ਬਾਹਰ ਨਿਕਲੀਆਂ ਅਤੇ ਵੀਡੀਓ ਕੱਟਣ ਤੋਂ ਪਹਿਲਾਂ ਯਾਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ, ‘ਮੈਂ ਤੈਨੂੰ ਮਾਰ ਦਿਆਂਗਾ।’ ਸੂਦ ਦੀਆਂ ਸੱਟਾਂ ‘ਚ ਉਸਦੀ ਗਰਦਨ ਅਤੇ ਮੋਢਿਆਂ ‘ਚ ਨਸਾਂ ਨੂੰ ਨੁਕਸਾਨ ਅਤੇ ਇਕ ਗੁੱਟ ‘ਚ ਮੋਚ ਸ਼ਾਮਲ ਹੈ। ਪੁਲੀਸ ਅਧਿਕਾਰੀਆਂ ਨੇ 38 ਸਾਲਾ ਵਿਲੀਅਮ ਟਿੱਕਲ ਨੂੰ ਲੱਭ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ ਹੈ। ਐਬਟਸਫੋਰਡ ਪੁਲੀਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਨੇ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਬਟਸਫੋਰਡ ਪੁਲੀਸ ਵਿਭਾਗ ਦੇ ਇੰਸਪੈਕਟਰ ਕੇਵਿਨ ਮਰੇ ਨੇ ਕਿਹਾ ਕਿ ਐਬਟਸਫੋਰਡ ਬੇਤਰਤੀਬੇ ਹਿੰਸਕ ਹਮਲਿਆਂ ਤੋਂ ਮੁਕਤ ਨਹੀਂ ਹੈ। ਹਾਲਾਂਕਿ ਅਮਨ ਸੂਦ ਅਤੇ ਉਬਰ ਦੇ ਸਮੇਂ ਸਿਰ ਅਤੇ ਪੂਰੇ ਸਹਿਯੋਗ ਲਈ ਧੰਨਵਾਦ, ਅਸੀਂ ਇਸ ਹਿੰਸਕ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ। ਸੂਦ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਅਗਲੇ ਮਹੀਨੇ ਕੈਨੇਡਾ ਆਉਣ ਲਈ ਕਿਹਾ ਸੀ। ਹਾਲਾਂਕਿ ਹਮਲੇ ਤੋਂ ਬਾਅਦ ਉਸਨੇ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਹੈ। ਅਮਨ ਸੂਦ ਨੇ ਡੇਲੀ ਹਾਈਵ ਨੂੰ ਕਿਹਾ, ‘ਮੈਂ ਜਿੰਨੀ ਜਲਦੀ ਹੋ ਸਕੇ ਕੈਨੇਡਾ ਛੱਡਣਾ ਚਾਹੁੰਦਾ ਹਾਂ। ਮਰਨ ਨਾਲੋਂ ਜਿਊਣਾ ਬਿਹਤਰ ਹੈ।’