ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਕੇ ਜੇਤੂ ਰਹੀ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿਤੇਸ਼ ਸ਼ਰਮਾ ਤੇ ਲਿਵਿੰਗਸਟਨ ਦੀਆਂ ਧਾਕੜ ਪਾਰੀਆਂ ਸਦਕਾ 215 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ ਜਿਸ ਨੂੰ ਮੁੰਬਈ ਨੇ ਇਸ਼ਾਨ ਕਿਸ਼ਨ ਤੇ ਸੂਰਿਆਕੁਮਾਰ ਯਾਦਵ ਦੀਆਂ ਤੂਫ਼ਾਨੀ ਪਾਰੀਆਂ ਸਦਕਾ 1 ਓਵਰ ਪਹਿਲਾਂ ਹੀ ਹਾਸਲ ਕਰ ਲਿਆ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਅਰਸ਼ਦ ਖ਼ਾਨ ਨੇ ਪਾਰੀ ਦੇ ਦੂਜੇ ਹੀ ਓਵਰ ‘ਚ ਪ੍ਰਭਸਿਮਰਨ ਨੂੰ ਆਊਟ ਕਰ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦੁਆਈ। ਬਾਅਦ ‘ਚ ਕਪਤਾਨ ਸ਼ਿਖਰ ਧਵਨ (30) ਤੇ ਮੈਥੀਊ ਸ਼ਾਰਟ (26) ਦੀ ਜੋੜੀ ਨੇ ਪਾਰੀ ਨੂੰ ਸੰਭਾਲਿਆ। ਬਾਅਦ ‘ਚ ਲਿਵਿੰਗਸਟਨ ਤੇ ਜਿਤੇਸ਼ ਸ਼ਰਮਾ ਨੇ ਧਾਕੜ ਬੱਲੇਬਾਜ਼ੀ ਕਰਦਿਆਂ 119 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਲਿਵਿੰਗਸਟਨ ਨੇ 42 ਗੇਂਦਾਂ ‘ਚ 7 ਚੌਕਿਆਂ ਤੇ 4 ਛਿੱਕਿਆਂ ਸਦਕਾ 82 ਤਾਂ ਜਿਤੇਸ਼ ਸ਼ਰਮਾ ਨੇ 27 ਗੇਂਦਾਂ ਵਿਚ 5 ਚੌਕਿਆਂ ਤੇ 2 ਛਿੱਕਿਆਂ ਸਦਕਾ 49 ਦੌੜਾਂ ਦੀ ਅਜੇਤੂ ਪਾਰੀ ਖੇਡੀ। ਲਿਵਿੰਗਸਟਨ ਨੇ ਜ਼ੋਫ਼ਰਾ ਆਰਚਰ ਨੂੰ 3 ਗੇਂਦਾਂ ‘ਚ ਲਗਾਤਾਰ 3 ਛਿੱਕੇ ਜੜੇ। ਦੋਹਾਂ ਦੀਆਂ ਤੂਫ਼ਾਨੀ ਪਾਰੀਆਂ ਸਦਕਾ ਪੰਜਾਬ ਦਾ ਸਕੋਰ 214 ਤਕ ਪਹੁੰਚਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਰਿਸ਼ੀ ਧਵਨ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲੇ ਓਵਰ ‘ਚ ਹੀ 0 ‘ਤੇ ਆਊਟ ਕਰ ਕੇ ਵੱਡਾ ਝਟਕਾ ਦਿੱਤਾ। ਪਰ ਉਸ ਤੋਂ ਬਾਅਦ ਇਸ਼ਾਨ ਕਿਸ਼ਨ ਦੀ 41 ਗੇਂਦਾਂ ‘ਚ 75 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਦੀ 31 ਗੇਂਦਾਂ ‘ਚ 66 ਦੌੜਾਂ ਦੀ ਪਾਰੀ ਨੇ ਮੁੰਬਈ ਦੀ ਸਥਿਤੀ ਨੂੰ ਮਜ਼ਬੂਤ ਕਰ ਦਿੱਤਾ। ਅਖੀਰ ‘ਚ ਟਿਮ ਡੇਵਿਡ ਤੇ ਤਿਲਕ ਵਰਮਾ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ।