ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਸਿਖਰ ਵੱਲ ਗਿਆ ਹੈ ਅਤੇ ਕਾਂਗਰਸ ਸਮੇਤ ਹੋਰ ਵਿਰੋਧੀਆਂ ਪਾਰਟੀਆਂ ਤੋਂ ਇਲਾਵਾ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਚੋਣ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਹਲਕਾ ਕਰਤਾਰਪੁਰ ਦੇ ਪਿੰਡ ਕੁੱਦੋਵਾਲ ‘ਚ ਜ਼ਿਮਨੀ ਚੋਣ ਵਿੱਚ ‘ਆਪ’ ਦੇ ਉਮੀਦਵਾਰ ਲਈ ਵੋਟਾਂ ਮੰਗਣ ਆਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਬਿਜਲੀ ਮੰਤਰੀ ਨੂੰ ਘੇਰ ਕੇ ਤਿੱਖੇ ਸਵਾਲ ਪੁੱਛੇ। ਬੇਜ਼ਮੀਨੇ ਦਲਿਤ ਪਰਿਵਾਰਾਂ ਨੇ ਜਦੋਂ ਹਰਭਜਨ ਸਿੰਘ ਈ.ਟੀ.ਓ. ਨੂੰ ਸਵਾਲ ਕੀਤਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਮੁਤਾਬਕ ਸਾਢੇ ਸਤਾਰਾਂ ਏਕੜ ਤੋਂ ਵੱਧ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ‘ਚ ਵੰਡੋਗੇ? ਇਸ ‘ਤੇ ਕੈਬਨਿਟ ਮੰਤਰੀ ਨਾਲ ਆਇਆ ਇਕ ਵਿਅਕਤੀ ਭੜਕ ਪਿਆ। ਉਸ ਨੇ ਕਿਹਾ ਕਿ ਬਿਲਕੁੱਲ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ। ਇਸ ਮੌਕੇ ਬਿਜਲੀ ਮੰਤਰੀ ਨੇ ਚੁੱਪ ਰਹਿ ਕੇ ਆਪਣੇ ਸਾਥੀ ਦਾ ਸਾਥ ਦਿੱਤਾ। ਹਰਭਜਨ ਸਿੰਘ ਈ.ਟੀ.ਓ. ਜਦੋਂ ਕਹਿਣ ਲੱਗੇ ਕਿ ਉਨ੍ਹਾਂ ਨੇ ਬਿੱਲ ਮੁਆਫ ਕੀਤੇ ਹਨ ਤਾਂ ਮਜ਼ਦੂਰਾਂ ਨੇ ਕਿਹਾ ‘ਤੁਸੀਂ ਤਾਂ ਘਰੇਲੂ ਬਿਜਲੀ ਬਿੱਲ ਮੁਆਫ਼ੀ ‘ਚ ਦਲਿਤਾਂ ਦਾ ਰਾਖਵਾਂਕਰਨ ਹੀ ਖ਼ਤਮ ਕਰ ਦਿੱਤਾ ਹੈ। ਹੁਣ ਵਾਧੂ ਬਿੱਲ ਆ ਰਹੇ ਹਨ।’ ਇਸ ਦੌਰਾਨ ਮਜ਼ਦੂਰਾਂ ਨੇ ਵਾਧੂ ਆਏ ਬਿੱਲ ਵੀ ਸਬੂਤ ਵਜੋਂ ਉਨ੍ਹਾਂ ਨੂੰ ਦਿਖਾਏ। ਜਾਣਕਾਰੀ ਅਨੁਸਾਰ ਲਾਲ ਲਕੀਰ ‘ਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਨਾ ਦੇਣ, ਲੋੜਵੰਦ ਲੋਕਾਂ ਨੂੰ ਪਲਾਟ ਨਾ ਦੇਣ, ਦਿਹਾੜੀ ਵਿੱਚ ਮਹਿੰਗਾਈ ਅਨੁਸਾਰ ਵਾਧਾ ਕਰਕੇ 1000 ਰੂਪਏ ਦਿਹਾੜੀ ਨਾ ਕਰਨ ਵਰਗੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਕੈਬਨਿਟ ਮੰਤਰੀ ਨੂੰ ਖਹਿੜਾ ਛੁਡਾ ਕੇ ਉਥੋਂ ਵਾਪਸ ਪਰਤਣਾ ਪਿਆ। ਹਰਭਜਨ ਸਿੰਘ ਦੇ ਜਾਣ ਮਗਰੋਂ ਉਥੇ ਮੌਜੂਦ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ‘ਆਪ’ ਆਗੂਆਂ ਨੂੰ ਜਾਣਬੁੱਝ ਕੇ ਸਵਾਲ ਕੀਤੇ ਜਾਂਦੇ ਹਨ। ਇਸ ‘ਤੇ ਮਜ਼ਦੂਰਾਂ ਨੇ ਕਿਹਾ ਕਿ ਚੋਣਾਂ ‘ਚ ਨਿੱਤਰੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਚੌਕ ‘ਚ ਇਸ ਤਰ੍ਹਾਂ ਦੇ ਹੀ ਸਵਾਲ ਕੀਤੇ ਜਾਣਗੇ। ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਉਨ੍ਹਾਂ ਦੀਆਂ ਨੀਤੀਆਂ ‘ਚ ਕੋਈ ਫ਼ਰਕ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਆਗੂ ਸਰਬਜੀਤ ਕੌਰ ਕੁੱਦੋਵਾਲ ਅਤੇ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਮਜ਼ਦੂਰਾਂ ਦੀ ਅਗਵਾਈ ਕੀਤੀ।