ਪੰਜਾਬੀ ਮੂਲ ਦੇ ਨੌਜਵਾਨ ਟਰੱਕ ਡਰਾਈਵਰ ਵੱਲੋਂ ਕਾਰ ਨੂੰ ਮਾਰੀ ਟੱਕਰ ਕਾਰਨ ਦੋ ਮੁੰਡਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਅਮਰੀਕਾ ਦੇ ਨਿਊਯਾਰਕ ‘ਚ ਲੌਂਗ ਆਈਲੈਂਡ ਦੀ ਹੈ ਅਤੇ ਘਟਨਾ ਮਗਰੋਂ ਪੁਲੀਸ ਨੇ ਅਮਨਦੀਪ ਸਿੰਘ ਨਾਂ ਦੇ ਇਸ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ 34 ਸਾਲਾ ਅਮਨਦੀਪ ਸਿੰਘ ਸ਼ਰਾਬੀ ਹਾਲਤ ‘ਚ ਪਿੱਕ-ਅੱਪ ਲੈ ਕੇ ਜਾ ਰਿਹਾ ਸੀ ਜਦੋਂ ਉਸ ਨੇ ਅਣਗਹਿਲੀ ਵਰਤੀ ਅਤੇ ਗਲਤ ਪਾਸਿਓਂ ਲਿਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ 34 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਦੀ ਪਛਾਣ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਵਜੋਂ ਕੀਤੀ ਗਈ ਹੈ, ਜਦੋਂ ਕਿ 16 ਅਤੇ 17 ਸਾਲ ਦੀ ਉਮਰ ਦੇ ਦੂਜੇ ਦੋ ਕਾਰ ਸਵਾਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਰੋਜ਼ਲਿਨ ਦਾ ਰਹਿਣ ਵਾਲਾ ਅਮਨਦੀਪ ਸਿੰਘ ਟੱਕਰ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਪਰ ਪੁਲੀਸ ਨੇ ਉਸ ਨੂੰ ਉਸੇ ਦਿਨ ਕੁਝ ਘੰਟੇ ਅੰਦਰ ਗ੍ਰਿਫ਼ਤਾਰ ਕਰ ਲਿਆ। ਅਮਨਦੀਪ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਉਸ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਉਸ ਦੀ ਅਗਲੀ ਪੇਸ਼ੀ 8 ਮਈ ਨੂੰ ਹੋਣੀ ਹੈ। ਨਸਾਓ ਕਾਉਂਟੀ ਪੁਲੀਸ ਨੇ ਕਿਹਾ ਕਿ ਅਮਨਦੀਪ ਸਿੰਘ ਬੁੱਧਵਾਰ ਨੂੰ ਜੈਰੀਕੋ ‘ਚ ਨੌਰਥ ਬ੍ਰੌਡਵੇ ‘ਤੇ ਨੌਰਥਬਾਊਂਡ ਲੇਨ ‘ਚ ਆਪਣੇ 2019 ਡੌਜ ਰੈਮ ਪਿਕਅੱਪ ਟਰੱਕ ‘ਚ ਦੱਖਣ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ 2019 ਅਲਫਾ ਰੋਮੀਓ ਚਾਰ-ਦਰਵਾਜ਼ੇ ਵਾਲੀ ਸੇਡਾਨ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ‘ਚ 4 ਮੁੰਡੇ ਸਵਾਰ ਸਨ। ਰਿਪੋਰਟ ਮੁਤਾਬਕ ਦੋ ਮੁੰਡਿਆਂ ਦੀ ਪਛਾਣ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਵਜੋਂ ਹੋਈ ਹੈ ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਦ੍ਰਿਸ਼ ਦਾ ਵਰਣਨ ਕਰਦੇ ਹੋਏ ਪੁਲੀਸ ਦੇ ਜਾਸੂਸ ਕੈਪਟਨ ਸਟੀਫਨ ਫਿਟਜ਼ਪੈਟਰਿਕ ਨੇ ਕਿਹਾ ਕਿ ਇਹ ‘ਸ਼ਾਇਦ ਸਭ ਤੋਂ ਵਿਨਾਸ਼ਕਾਰੀ ਦ੍ਰਿਸ਼ਾਂ ਵਿੱਚੋਂ ਇਕ ਸੀ ਜੋ ਮੈਂ ਲੰਬੇ ਸਮੇਂ ਬਾਅਦ ਦੇਖਿਆ ਹੈ।’ ਪੁਲੀਸ ਨੇ ਦੱਸਿਆ ਕਿ ਰੋਜ਼ਲਿਨ (ਨਿਊਯਾਰਕ) ਦਾ ਰਹਿਣ ਵਾਲਾ ਅਮਨਦੀਪ ਸਿੰਘ ਸ਼ੁਰੂਆਤੀ ਟੱਕਰ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਅਤੇ ਉਸ ਨੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਇਕ 49 ਸਾਲਾ ਔਰਤ ਚਲਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਪੀੜਤ ਦਾ ਮੌਕੇ ‘ਤੇ ਇਲਾਜ ਕੀਤਾ ਗਿਆ ਅਤੇ ਭੇਜ ਦਿੱਤਾ ਗਿਆ। ਇਸ ਹਾਦਸੇ ਮਗਰੋਂ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਕਤਲ, ਪਹਿਲੀ-ਡਿਗਰੀ ਕਤਲ ਦੇ ਦੋਸ਼, ਦੂਜੀ-ਡਿਗਰੀ ਕਤਲ ਦੇ ਦੋਸ਼, ਨਸ਼ੇ ‘ਚ ਗੱਡੀ ਚਲਾਉਣ ਅਤੇ ਦੂਜੀ-ਡਿਗਰੀ ਹਮਲੇ ਦੇ ਦੋ ਦੋਸ਼ ਲਗਾਏ ਗਏ ਹਨ। ਸਰਕਾਰੀ ਵਕੀਲਾਂ ਮੁਤਾਬਕ ਟੱਕਰ ਸਮੇਂ ਅਮਨਦੀਪ ਸਿੰਘ ਦੇ ਖੂਨ ‘ਚ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ ਤੋਂ ਦੁੱਗਣੀ ਸੀ।