ਸਾਬਕਾ ਕੇਂਦਰੀ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਦਾ ਅਹੁਦਾ ਛੱਡਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ 82 ਸਾਲਾ ਪਵਾਰ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਤੇ ਪਾਰਟੀ ਕਾਰਕੁਨਾਂ ਦੀਆਂ ਭਾਵਨਾਵਾਂ ਦੀ ਬੇਕਦਰੀ ਨਹੀਂ ਕਰ ਸਕਦੇ। ਹਾਲਾਂਕਿ ਪੱਤਰਕਾਰ ਸੰਮੇਲਨ ਮੌਕੇ ਸੀਨੀਅਰ ਐੱਨ.ਸੀ.ਪੀ. ਆਗੂ ਅਜੀਤ ਪਵਾਰ ਹਾਜ਼ਰ ਨਹੀਂ ਸਨ। ਪਾਰਟੀ ਵਰਕਰ ਉਨ੍ਹਾਂ ਤੋਂ ਅਸਤੀਫੇ ਦਾ ਫ਼ੈਸਲਾ ਵਾਪਸ ਲੈਣ ਦੀ ਲਗਾਤਾਰ ਅਪੀਲ ਕਰ ਰਹੇ ਸਨ। ਇਸ ਤੋਂ ਪਹਿਲਾਂ ਪਾਰਟੀ ਦਾ ਨਵਾਂ ਪ੍ਰਧਾਨ ਚੁਣਨ ਲਈ ਬਣਾਈ ਗਈ ਕਮੇਟੀ ਨੇ ਸ਼ਰਦ ਪਵਾਰ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਰਦ ਪਵਾਰ ਨੇ ਕਿਹਾ, ‘ਮੈਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਬੇਕਦਰੀ ਨਹੀਂ ਕਰ ਸਕਦਾ। ਮੇਰੇ ਲਈ ਦਿਖਾਏ ਗਏ ਪਿਆਰ ਤੇ ਭਰੋਸੇ ਤੋਂ ਮੈਂ ਭਾਵੁਕ ਹਾਂ। ਤੁਹਾਡੇ ਸਾਰਿਆਂ ਦੀ ਅਪੀਲ ਨੂੰ ਧਿਆਨ ‘ਚ ਰੱਖਦਿਆਂ ਤੇ ਪਾਰਟੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਮੈਂ ਸੇਵਾਮੁਕਤ ਹੋਣ ਦਾ ਆਪਣਾ ਫ਼ੈਸਲਾ ਵਾਪਸ ਲੈ ਰਿਹਾ ਹਾਂ।’ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਜਥੇਬੰਦੀ ‘ਚ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਲਈ ਇਕ ‘ਉੱਤਰਾਧਿਕਾਰ ਯੋਜਨਾ’ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ‘ਚ ਜਥੇਬੰਦਕ ਤਬਦੀਲੀਆਂ ਕਰਨ, ਨਵੀਆਂ ਜ਼ਿੰਮੇਵਾਰੀਆਂ ਸੌਂਪਣ ਅਤੇ ਨਵੀਂ ਲੀਡਰਸ਼ਿਪ ਤਿਆਰ ਕਰਨ ਵੱਲ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਜਥੇਬੰਦੀ ਦੇ ਵਿਕਾਸ ਅਤੇ ਆਪਣੀ ਪਾਰਟੀ ਦੀ ਵਿਚਾਰਧਾਰਾ ਤੇ ਟੀਚੇ ਲੋਕਾਂ ਤੱਕ ਪਹੁੰਚਾਉਣ ਲਈ ਜ਼ੋਰ ਸ਼ੋਰ ਨਾਲ ਕੰਮ ਕਰਾਂਗਾ।’ ਅਜੀਤ ਪਵਾਰ ਦੀ ਗ਼ੈਰਹਾਜ਼ਰੀ ਬਾਰੇ ਸ਼ਰਦ ਪਵਾਰ ਨੇ ਕਿਹਾ ਕਿ ਸਾਰੇ ਵਿਅਕਤੀ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਤੇ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਪਾਰਟੀ ਦੇ ਆਗੂਆਂ ਵੱਲੋਂ ਐੱਨ.ਸੀ.ਪੀ. ਦਾ ਕਾਰਜਕਾਰੀ ਪ੍ਰਧਾਨ ਬਣਨ ਦਾ ਸੁਝਾਅ ਖਾਰਜ ਕਰ ਦਿੱਤਾ। 2024 ਦੀਆਂ ਆਮ ਚੋਣਾਂ ‘ਚ ਆਪਣੀ ਭੂਮਿਕਾ ਬਾਰੇ ਪਵਾਰ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠਾ ਕਰਨਾ ਮਹੱਤਵਪੂਰਨ ਹੈ।