ਗੁਜਰਾਤ ਨਾਈਟਨਸ ਨੇ ਆਈ.ਪੀ.ਐੱਲ. ਦੇ ਇਕ ਮੈਚ ‘ਚ ਧਾਕੜ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਤੇ ਇਕਪਾਸੜ ਮੈਚ ‘ਚ ਰਾਜਸਥਾਨ ਰਾਇਲਜ਼ ਨੂੰ 9 ਵਿਕਟਾਂ ਨਾਲ ਹਰਾਇਆ। ਇਹ ਗੁਜਰਾਤ ਦੀ 10 ਮੁਕਾਬਲਿਆਂ ‘ਚ 7ਵੀਂ ਜਿੱਤ ਹੈ ਜਿਸ ਸਦਕਾ ਉਹ 14 ਪੁਆਇੰਟਸ ਨਾਲ ਟੇਬਲ ਦੇ ਸਿਖਰ ‘ਤੇ ਕਾਬਜ਼ ਹੈ। ਰਾਜਸਥਾਨ ਰਾਇਲਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਕਪਤਾਨ ਸੰਜੂ ਸੈਸਮਨ ਦੀਆਂ 30 ਦੌੜਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗੀ ਪਾਰੀ ਨਹੀਂ ਖੇਡ ਸਕਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਦੀ ਟੀਮ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ 17.5 ਓਵਰਾਂ ‘ਚ 118 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਗੁਜਰਾਤ ਵੱਲੋਂ ਰਾਸ਼ਿਦ ਖ਼ਾਨ ਨੇ 3 ਅਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ। ਛੋਟੇ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਟਾਈਟਨਸ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਰਿਧੀਮਾਨ ਸਾਹਾ ਤੇ ਸ਼ੁਭਮਨ ਗਿੱਲ ਨੇ ਸੰਭਲੀ ਹੋਈ ਸ਼ੁਰੂਆਤ ਦਵਾਈ। ਟੂਰਨਾਮੈਂਟ ‘ਚ ਪਹਿਲਾਂ ਹੋਏ ਲੋਅ ਸਕੋਰਿੰਗ ਮੁਕਾਬਲਿਆਂ ਤੋਂ ਸਬਕ ਸਿੱਖਦਿਆਂ ਗੁਜਰਾਤ ਨੇ ਸ਼ੁਰੂਆਤੀ ਓਵਰਾਂ ‘ਚ ਵਿਕਟ ਸੰਭਾਲ ਕੇ ਰੱਖੀ ਤੇ ਕੋਈ ਜਲਦਬਾਜ਼ੀ ਨਹੀਂ ਕੀਤੀ। ਸ਼ੁਭਮਨ ਗਿੱਲ ਦੇ 36 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ 15 ਗੇਂਦਾਂ ਵਿਚ 3 ਛਿੱਕਿਆਂ ਤੇ 3 ਚੌਕਿਆਂ ਸਦਕਾ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਰਿਧੀਮਾਨ ਸਾਹਾ ਨੇ ਵੀ 34 ਗੇਂਦਾਂ ‘ਚ 5 ਚੌਕਿਆਂ ਸਦਕਾ 41 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਟੀਮ ਨੂੰ 9 ਵਿਕਟਾਂ ਨਾਲ ਜਿੱਤ ਦੁਆਈ। ਗੁਜਰਾਤ ਨੇ 13.5 ਓਵਰਾਂ ‘ਚ ਹੀ ਟੀਚਾ ਹਾਸਲ ਕਰ ਲਿਆ।