ਭਾਰਤੀ ਮੂਲ ਦੀ ਅਮਰੀਕਨ ਨੀਰਾ ਟੰਡਨ ਨੂੰ ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਘਰੇਲੂ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਮਗਰੋਂ ਨੀਰਾ ਟੰਡਨ ਘਰੇਲੂ ਨੀਤੀ ਦੇ ਏਜੰਡੇ ਨੂੰ ਤਿਆਰ ਕਰਨ ਅਤੇ ਲਾਗੂ ਕਰਨ ‘ਚ ਅਮਰੀਕਨ ਰਾਸ਼ਟਰਪਤੀ ਦੀ ਮਦਦ ਕਰੇਗੀ। ਬਾਇਡ ਨੇ ਕਿਹਾ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੀਰਾ ਟੰਡਨ ਆਰਥਿਕ ਗਤੀਸ਼ੀਲਤਾ ਅਤੇ ਨਸਲੀ ਸਮਾਨਤਾ ਤੋਂ ਲੈ ਕੇ ਸਿਹਤ ਦੇਖਭਾਲ, ਇਮੀਗ੍ਰੇਸ਼ਨ ਅਤੇ ਸਿੱਖਿਆ ਵਰਗੀ ਮੇਰੀ ਘਰੇਲੂ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨਾ ਜਾਰੀ ਰੱਖੇਗੀ।’ ਟੰਡਨ ਬਾਇਡਨ ਦੀ ਹੁਣ ਤੱਕ ਘਰੇਲੂ ਨੀਤੀ ਸਲਾਹਕਾਰ ਰਹੀ ਸੂਜ਼ਨ ਰਾਈਸ ਦੀ ਥਾਂ ਲਵੇਗੀ। ਬਾਇਡਨ ਨੇ ਕਿਹਾ, ‘ਟੰਡਨ ਏਸ਼ੀਅਨ ਮੂਲ ਦੀ ਪਹਿਲੀ ਅਮਰੀਕਨ ਹੋਵੇਗੀ ਜੋ ਵਾਈਟ ਹਾਊਸ ਦੇ ਇਤਿਹਾਸ ‘ਚ ਉਸ ਦੇ ਤਿੰਨ ਮਹੱਤਵਪੂਰਨ ਨੀਤੀ ਕੌਂਸਲਾਂ ਵਿੱਚੋਂ ਇਕ ਦੀ ਅਗਵਾਈ ਕਰੇਗੀ।’ ਅਮਰੀਕਨ ਰਾਸ਼ਟਰਪਤੀ ਨੇ ਅੱਗੇ ਕਿਹਾ, ‘ਸੀਨੀਅਰ ਸਲਾਹਕਾਰ ਅਤੇ ਸਟਾਫ ਸਕੱਤਰ ਹੋਣ ਦੇ ਨਾਤੇ ਨੀਰਾ ਨੇ ਮੇਰੀ ਘਰੇਲੂ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਟੀਮ ‘ਚ ਫ਼ੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਕੋਲ ਜਨਤਕ ਨੀਤੀ ‘ਚ 25 ਸਾਲਾਂ ਦਾ ਤਜ਼ਰਬਾ ਹੈ, ਉਨ੍ਹਾਂ ਨੇ ਤਿੰਨ ਰਾਸ਼ਟਰਪਤੀਆਂ ਨੂੰ ਸੇਵਾ ਦਿੱਤੀ ਹੈ ਅਤੇ ਲਗਭਗ ਇਕ ਦਹਾਕੇ ਤੱਕ ਦੇਸ਼ ਦੇ ਸਭ ਤੋਂ ਵੱਡੇ ਥਿੰਕ ਟੈਂਕਾਂ ਵਿੱਚੋਂ ਇਕ ਦੀ ਅਗਵਾਈ ਕੀਤੀ ਹੈ।’ ਜ਼ਿਕਰਯੋਗ ਹੈ ਕਿ ਨੀਰਾ ਟੰਡਨ ਇਸ ਸਮੇਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਟਾਫ਼ ਦੇ ਸਕੱਤਰ ਵਜੋਂ ਸੀਨੀਅਰ ਸਲਾਹਕਾਰ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਨੇ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਦੋਵਾਂ ਦੇ ਪ੍ਰਸ਼ਾਸਨ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਮੁਹਿੰਮ ‘ਚ ਮਦਦ ਕਰਨ ਤੋਂ ਇਲਾਵਾ ਕਈ ਥਿੰਕ ਟੈਂਕਾਂ ਲਈ ਵੀ ਸੇਵਾਵਾਂ ਦਿੱਤੀਆਂ ਹਨ।