ਭਾਰਤੀ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਏਸ਼ੀਆ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਔਰਤਾਂ ਦੇ 55 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਬਿੰਦਿਆਰਾਣੀ ਨੇ ਕੁੱਲ 194 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ 55 ਕਿਲੋਗ੍ਰਾਮ ਭਾਰ ਵਰਗ ਹਾਲਾਂਕਿ ਓਲੰਪਿਕ ‘ਚ ਸ਼ਾਮਲ ਨਹੀਂ ਹੈ। ਬਿੰਦਿਆਰਾਣੀ ਨੇ ਸਨੈਚ ‘ਚ ਆਪਣੇ ਪਹਿਲੇ ਦੋ ਯਤਨਾਂ ‘ਚ 80 ਕਿਲੋਗ੍ਰਾਮ ਅਤੇ 83 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ 85 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ‘ਚ ਉਹ ਅਸਫ਼ਲ ਰਹੀ। ਇਸ ਭਾਰਤੀ ਖ਼ਿਡਾਰਨ ਨੇ ਕਲੀਨ ਐਂਡ ਜਰਕ ‘ਚ ਇਸ ਦੀ ਪੂਰਤੀ ਕੀਤੀ ਅਤੇ ਦੂਜਾ ਸਭ ਤੋਂ ਵੱਧ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ 24 ਸਾਲਾ ਖਿਡਾਰਨ ਨੇ ਚੋਣ ਟਰਾਇਲ ਤੋਂ ਪਹਿਲਾਂ ਜ਼ਖ਼ਮੀ ਹੋ ਜਾਣ ਕਾਰਨ ਵਾਪਸ 55 ਕਿਲੋਗ੍ਰਾਮ ਭਾਰ ਵਰਗ ‘ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ 59 ਕਿਲੋਗ੍ਰਾਮ ‘ਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਜੋ ਕਿ ਪੈਰਿਸ ਓਲੰਪਿਕ ਦਾ ਹਿੱਸਾ ਹੈ। ਬਿੰਦਿਆਰਾਣੀ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ‘ਚ 59 ਕਿਲੋਗ੍ਰਾਮ ਭਾਰ ਵਰਗ ‘ਚ ਹਿੱਸਾ ਲਿਆ ਸੀ ਜਿੱਥੇ ਉਹ 25ਵੇਂ ਸਥਾਨ ‘ਤੇ ਰਹੀ ਸੀ।