ਟੈਕਸਾਸ ਸੂਬੇ ‘ਚ ਫਾਇਰਿੰਗ ‘ਚ 9 ਲੋਕਾਂ ਦੀ ਮੌਤ ਵਾਲੀ ਖ਼ਬਰ ਹਾਲੇ ਚੱਲ ਹੀ ਰਹੀ ਸੀ ਕਿ ਇਸ ਅਮਰੀਕਨ ਸੂਬੇ ਦੇ ਸਰਹੱਦੀ ਸ਼ਹਿਰ ਬ੍ਰਾਊਨਸਵਿਲ ‘ਚ ਇਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਕ ਐੱਸ.ਯੂ.ਵੀ. ਡਰਾਈਵਰ ਨੇ ਬੱਸ ਸਟੇਸ਼ਨ ‘ਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ‘ਤੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਬੱਸ ਸਟੈਂਡ ਸ਼ਰਨਾਰਥੀ ਕੈਂਪ ਦੇ ਬਾਹਰ ਬਣਿਆ ਹੈ। ਸ਼ਰਨਾਰਥੀ ਕੈਂਪ ਬਿਸ਼ਪ ਐਨਰੀਕ ਸੈਨ ਪੇਡਰੋ ਓਜ਼ਾਨਮ ਸੈਂਟਰ ਦੇ ਨਿਰਦੇਸ਼ਕ ਵਿਕਟਰ ਮਾਲਡੋਨਾਡੋ ਨੇ ਕਿਹਾ ਕਿ ਉਸ ਨੇ ਕੈਂਪ ‘ਚ ਲਗਾਏ ਗਏ ਨਿਗਰਾਨੀ ਕੈਮਰੇ ਤੋਂ ਵੀਡੀਓ ਦੇਖੀ ਸੀ, ਜਦੋਂ ਉਸ ਨੂੰ ਐਤਵਾਰ ਸਵੇਰੇ ਹਾਦਸੇ ਦੀ ਸੂਚਨਾ ਦਿੱਤੀ ਗਈ। ਮਾਲਡੋਨਾਡੋ ਨੇ ਕਿਹਾ ਕਿ ‘ਅਸੀਂ ਵੀਡੀਓ ‘ਚ ਦੇਖਿਆ ਕਿ ਇਹ ਐੱਸ.ਯੂ.ਵੀ. ਇਕ ਰੇਂਜ ਰੋਵਰ ਸੀ ਅਤੇ ਇਸ ਨੇ ਤੇਜ਼ ਰਫ਼ਤਾਰ ਨਾਲ ਲਾਲ ਬੱਤੀ ਪਾਰ ਕੀਤੀ ਅਤੇ ਬੱਸ ਸਟਾਪ ‘ਚ ਬੈਠੇ ਲੋਕਾਂ ‘ਤੇ ਚੜ੍ਹ ਗਈ।’ ਉਨ੍ਹਾਂ ਦੱਸਿਆ ਕਿ ਬੱਸ ਅੱਡੇ ‘ਚ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਲੋਕ ਸੜਕ ਕਿਨਾਰੇ ਬਣੀ ਪੱਟੀ ‘ਤੇ ਬੈਠੇ ਸਨ। ਇਸ ਹਾਦਸੇ ‘ਚ ਮਰਨ ਵਾਲੇ ਜ਼ਿਆਦਾਤਰ ਵੈਨੇਜ਼ੁਏਲਾ ਦੇ ਹਨ। ਨਿਰਦੇਸ਼ਕ ਅਨੁਸਾਰ ਗੱਡੀ ਸੜਕ ਕਿਨਾਰੇ ਲੱਗੀ ਪੱਟੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ 200 ਫੁੱਟ ਦੀ ਦੂਰੀ ਤੱਕ ਜਾ ਪਹੁੰਚੀ। ਉਥੇ ਪੈਦਲ ਜਾ ਰਹੇ ਕੁਝ ਲੋਕਾਂ ਨੂੰ ਵੀ ਗੱਡੀ ਨੇ ਟੱਕਰ ਮਾਰ ਦਿੱਤੀ। ਬ੍ਰਾਊਨਸਵਿਲ ਪੁਲੀਸ ਦੇ ਜਾਂਚ ਅਧਿਕਾਰੀ ਮਾਰਟਿਨ ਸੈਂਡੋਵਾਲ ਨੇ ਦੱਸਿਆ ਕਿ ਹਾਦਸਾ ਸਵੇਰੇ 8:30 ਵਜੇ ਵਾਪਰਿਆ ਅਤੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਲੋਕਾਂ ਨੂੰ ਟੱਕਰ ਮਾਰੀ ਜਾਂ ਇਹ ਹਾਦਸਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸ਼ਰਨਾਰਥੀ ਕੈਂਪ ਦੇ ਡਾਇਰੈਕਟਰ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ ਪਰ ਬਾਅਦ ‘ਚ ਲੋਕਾਂ ਨੇ ਇਥੇ ਆ ਕੇ ਧਮਕੀ ਦਿੱਤੀ।