ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ‘ਚ ਆਈ.ਪੀ.ਐੱਲ. ਦਾ 52ਵਾਂ ਮੈਚ ਖੇਡਿਆ ਗਿਆ ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰਾਜਸਥਾਨ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 214 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਰਾਇਲਜ਼ ਨੇ ਹੈਦਰਾਬਾਦ ਨੂੰ ਜਿੱਤ ਲਈ 215 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 217 ਦੌੜਾਂ ਬਣਾ ਕੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਰਾਜਸਥਾਨ ਲਈ ਜੋਸ ਬਟਲਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਵੀ ਦਮਦਾਰ ਪ੍ਰਦਰਸ਼ਨ ਕਰਦੇ ਹੋਏ 4 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਯਸ਼ਸਵੀ ਜਾਇਸਵਾਲ ਨੇ 35 ਦੌੜਾਂ ਬਣਾਈਆਂ। ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਨੇ 1 ਤੇ ਮਾਰਕੋ ਜੈਨਸਨ ਨੇ 1 ਵਿਕਟ ਲਈ।
ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਮਾਤ ਦਿੱਤੀ। ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ‘ਤੇ 227 ਦੋੜਾਂ ਬਣਾਈਆਂ। ਇਸ ਮਗਰੋਂ ਟੀਮ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ ਨਿਰਧਾਰਤ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ‘ਤੇ ਸਮੇਟ ਦਿੱਤਾ ਤੇ ਮੈਚ ਜਿੱਤ ਲਿਆ। ਲਖਨਊ ਟੀਮ ਦੇ ਖ਼ਿਡਾਰੀ ਕੁਇੰਟਨ ਡੀ ਕੋਕ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਉਸ ਨੇ 41 ਗੇਂਦਾ ਦਾ ਸਾਹਮਣਾ ਕੀਤਾ। ਗੁਜਰਾਤ ਟਾਈਟਨਜ਼ ਦੇ ਖਿਡਾਰੀ ਮੋਹਿਤ ਸ਼ਰਮਾ ਨੇ ਚਾਰ ਓਵਰਾਂ ‘ਚ ਲਖਨਊ ਟੀਮ ਦੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਇਨ੍ਹਾਂ ਖਿਡਾਰੀਆਂ ਨੇ ਟੀਮ ਲਈ 29 ਦੌੜਾਂ ਦਾ ਯੋਗਦਾਨ ਦਿੱਤਾ। ਵੇਰਵਿਆਂ ਅਨੁਸਾਰ ਗੁਜਰਾਤ ਟਾਈਟਨਜ਼ ਨੇ ਮੈਚ ‘ਚ ਦਮਦਾਰ ਸ਼ੁਰੂਆਤ ਕੀਤੀ ਤੇ ਟੀਮ ਦੇ ਖਿਡਾਰੀ ਰਿਦਿਮਨ ਸਾਹਾ ਨੇ 43 ਗੇਂਦਾਂ ਦਾ ਸਾਹਮਣਾ ਕਰਦਿਆਂ 81 ਦੌੜਾਂ ਬਣਾਈਆਂ ਅਤੇ ਸ਼ੁਭਮਨ ਗਿੱਲ ਨੇ 51 ਗੇਂਦਾਂ ਦਾ ਸਾਹਮਣਾ ਕਰਦਿਆਂ 94 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ। ਟੀਮ ਨੇ ਪਾਵਰਪਲੇਅ ਦੌਰਾਨ ਕੁੱਲ 78 ਦੌੜਾਂ ਬਣਾਈਆਂ।
ਹੈਦਰਾਬਾਦ 4 ਵਿਕਟਾਂ ਨਾਲ ਜੇਤੂ, ਗੁਜਰਾਤ ਵੱਲੋਂ ਲਖਨਊ ਨੂੰ 56 ਦੌੜਾਂ ਨਾਲ ਮਾਤ
Related Posts
Add A Comment