ਹਾਕੀ ਇੰਡੀਆ ਨੇ ਆਸਟਰੇਲੀਆ ਖ਼ਿਲਾਫ਼ ਐਡੀਲੇਡ ‘ਚ 18 ਮਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ 20 ਮੈਂਬਰ ਕੌਮੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਆਪਣੇ ਇਸ ਦੌਰੇ ‘ਚ ਆਸਟਰੇਲੀਆ ਏ ਖ਼ਿਲਾਫ਼ ਵੀ ਦੋ ਮੈਚ ਖੇਡੇਗੀ। ਇਹ ਦੌਰਾ ਹਾਂਗਝੂ ਏਸ਼ੀਅਨ ਗੇਮਜ਼ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਕੀਤਾ ਜਾ ਰਿਹਾ ਹੈ। ਗੋਲਕੀਪਰ ਸਵਿਤਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪ ਗਰੇਸ ਅੱਕਾ ਟੀਮ ਦੀ ਉਪ ਕਪਤਾਨ ਹੋਵੇਗੀ। ਬਿੱਛੂ ਦੇਵੀ ਖਾਰੀਬਮ ਟੀਮ ‘ਚ ਸ਼ਾਮਲ ਦੂਜੀ ਗੋਲਕੀਪਰ ਹੈ, ਜਦਕਿ ਦੀਪ ਗਰੇਸ ਅੱਕਾ, ਨਿੱਕੀ ਪ੍ਰਧਾਨ, ਇਸ਼ੀਕਾ ਚੌਧਰੀ, ਉਦਿਤਾ ਅਤੇ ਗੁਰਜੀਤ ਕੌਰ ਡਿਫੈਂਡਰ ਵਜੋਂ ਖੇਡਣਗੀਆਂ। ਨਿਸ਼ਾ, ਨਵਜੋਤ ਕੌਰ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨੀਆ, ਜਯੋਤੀ ਅਤੇ ਬਲਜੀਤ ਕੌਰ ਮਿੱਡਫੀਲਡਰ ਹੋਣਗੀਆਂ। ਤਜਰਬੇਕਾਰ ਖਿਡਾਰਨ ਵੰਦਨਾ ਕਟਾਰੀਆ ਫਾਰਵਰਡ ਲਾਈਨ ਦੀ ਅਗਵਾਈ ਕਰੇਗੀ ਅਤੇ ਲਾਲਰੇਮਸਿਆਮੀ, ਸੰਗੀਤਾ ਕੁਮਾਰੀ ਅਤੇ ਸ਼ਰਮੀਲਾ ਦੇਵੀ ਉਸ ਦਾ ਸਾਥ ਦੇਣਗੀਆ। ਇੰਡੀਆ 18, 20 ਅਤੇ 21 ਮਈ ਨੂੰ ਆਸਟਰੇਲੀਆ ਦਾ ਸਾਹਮਣਾ ਕਰੇਗਾ ਜਦਕਿ ਇਸ ਮਗਰੋਂ 25 ਅਤੇ 27 ਮਈ ਨੂੰ ਆਸਟਰੇਲੀਆ ਏ ‘ਚ ਹਿੱਸਾ ਲਵੇਗਾ। ਸਾਰੇ ਪੰਜ ਮੈਚ ਐਡੀਲੇਡ ਦੇ ਮੈਟ ਸਟੇਡੀਅਮ ‘ਚ ਖੇਡੇ ਜਾਣਗੇ।