ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਲੰਘੇ ਦਿਨੀਂ ਤੀਹ ਘੰਟਿਆਂ ਦੌਰਾਨ ਦੋ ਵਾਰ ਹੋਏ ਧਮਾਕਿਆਂ ਦੀ ਕੇਂਦਰੀ ਏਜੰਸੀਆਂ ਜਾਂਚ ਕਰ ਰਹੀਆਂ ਹਨ। ਨੈਸ਼ਨਲ ਸਕਿਉਰਿਟੀ ਗਾਰਡ (ਐੱਨ.ਐੱਸ.ਜੀ.) ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕੌਮੀ ਜਾਂਚ ਏਜੰਸੀ ਦੀ ਟੀਮ ਬੀਤੀ ਸ਼ਾਮ ਅੰਮ੍ਰਿਤਸਰ ਵਿਖੇ ਪੁੱਜ ਗਈ ਸੀ ਅਤੇ ਅੱਜ ਸਵੇਰੇ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ। ਜਾਂਚ ਟੀਮ ਨੇ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ 20 ਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ। ਕੌਮੀ ਜਾਂਚ ਏਜੰਸੀ ਵੱਲੋਂ ਆਪਣੀ ਜਾਂਚ ਦੌਰਾਨ ਇਨ੍ਹਾਂ ਘਟਨਾਵਾਂ ਦੇ ਪਿਛਲੇ ਮੰਤਵ ਅਤੇ ਧਮਾਕੇ ਕਿਸ ਢੰਗ ਨਾਲ ਕੀਤੇ ਗਏ, ਦਾ ਪਤਾ ਲਾਇਆ ਜਾਵੇਗਾ। ਜਾਂਚ ਏਜੰਸੀਆਂ ਵੱਲੋਂ ਵਿਸਫੋਟਕ ਸਮੱਗਰੀ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਮੁਹਾਲੀ ਤੋਂ ਆਈ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਵੱਲੋਂ ਘਟਨਾ ਸਥਾਨ ਤੋਂ ਵਿਸਫੋਟਕ ਸਮੱਗਰੀ ਦੇ ਨਮੂਨੇ ਲਏ ਗਏ ਹਨ। ਇਸ ਦੇ ਆਧਾਰ ‘ਤੇ ਬੀਤੇ ਕੱਲ੍ਹ ਡੀ.ਜੀ.ਪੀ. ਗੌਰਵ ਯਾਦਵ ਨੇ ਆਖਿਆ ਸੀ ਕਿ ਇਹ ਦੇਸੀ ਬੰਬ ਵਰਗੀ ਵਿਸਫੋਟਕ ਸਮੱਗਰੀ ਹੈ ਜਿਸ ਦੀ ਵਰਤੋਂ ਕੰਟੇਨਰ ‘ਚ ਕੀਤੀ ਗਈ ਸੀ। ਹੈਰੀਟੇਜ ਸਟਰੀਟ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸਮੂਹ ਮਾਰਗਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਪੰਜਾਬ ਪੁਲੀਸ ਸਮੇਤ ਨੀਮ ਫੌਜੀ ਬਲਾਂ ਅਤੇ ਕਮਾਂਡੋ ਦਸਤੇ ਦੀ ਇਥੇ ਤਾਇਨਾਤੀ ਕੀਤੀ ਗਈ ਹੈ। ਪੁਲੀਸ ਅਤੇ ਨੀਮ ਫ਼ੌਜੀ ਬਲਾਂ ਵੱਲੋਂ ਹੈਰੀਟੇਜ ਸਟਰੀਟ ‘ਚ ਫਲੈਗ ਮਾਰਚ ਵੀ ਕੀਤਾ। ਸਾਰਾਗੜ੍ਹੀ ਪਾਰਕਿੰਗ ਜਿਥੇ ਇਹ ਧਮਾਕਾ ਹੋਇਆ ਹੈ, ਦੀ ਛੱਤ ਉਪਰ ਪੁਲੀਸ ਵੱਲੋਂ ਨਿਗਰਾਨ ਚੌਕੀ ਸਥਾਪਤ ਕੀਤੀ ਗਈ ਹੈ। ਇਸ ਦੌਰਾਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਮਹਿਤਾਬ ਸਿੰਘ ਨੇ ਆਖਿਆ ਕਿ ਪੁਲੀਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਨੂੰ ਘੋਖਿਆ ਜਾ ਰਿਹਾ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਵੀ ਸ਼ੁਰੂ ਕੀਤੀ ਗਈ ਹੈ। ਐੱਨ.ਐੱਸ.ਜੀ. ਅਤੇ ਐੱਨ.ਆਈ.ਏ. ਦੀ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕੀਤੇ ਹਨ। ਫੋਰੈਂਸਿਕ ਮਾਹਿਰ ਵੀ ਇਥੇ ਕੰਮ ਕਰ ਰਹੇ ਹਨ। ਇਕ-ਦੋ ਦਿਨਾਂ ‘ਚ ਇਹ ਜਾਂਚ ਰਿਪੋਰਟ ਆਉਣ ਦੀ ਸੰਭਾਵਨਾ ਹੈ ਜਿਸ ਤੋਂ ਇਸ ਘਟਨਾ ਸਬੰਧੀ ਹੋਰ ਕਈ ਅਹਿਮ ਖੁਲਾਸੇ ਹੋਣਗੇ।