ਅਜਰਬਾਇਜਾਨ ਦੀ ਰਾਜਧਾਨੀ ਬਾਕੂ ‘ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਰਾਈਫਲ/ਪਿਸਟਲ ਦੇ ਮਹਿਲਾ 10 ਮੀਟਰ ਪਿਸਟਲ ਈਵੈਂਟ ‘ਚ ਇੰਡੀਆ ਦੀ ਰਿਦਮ ਸਾਂਗਵਾਨ ਨੇ ਫਾਈਨਲ ‘ਚ ਪੱਛੜਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਮੁਕਾਬਲੇ ‘ਚ ਦੋ ਵਾਰ ਦੀ ਓਲੰਪਿਕ ਚੈਂਪੀਅਨ ਯੂਨਾਨ ਦੀ ਅੰਨਾ ਕੋਰਾਕਾਕੀ ਨੇ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਯੂਕਰੇਨ ਦੀ ਓਲੇਨਾ ਕੋਸਟੇਵਿਚ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਦੌਰਾਨ ਸਰਬਜੋਤ ਸਿੰਘ ਅਤੇ ਈਸ਼ਾ ਸਿੰਘ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ‘ਚ ਥਾਂ ਬਣਾਉਣ ਦੇ ਬਾਵਜੂਦ ਤਗ਼ਮਾ ਜਿੱਤਣ ‘ਚ ਨਾਕਾਮ ਰਹੇ। ਰਿਦਮ ਨੇ 60 ਸ਼ਾਟ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 581 ਅੰਕ ਜੁਟਾਏ ਜਦੋਂਕਿ ਈਸ਼ਾ ਨੇ 579 ਅੰਕ ਪ੍ਰਾਪਤ ਕੀਤੇ ਅਤੇ ਕ੍ਰਮਵਾਰ ਤੀਸਰੇ ਤੇ ਸੱਤਵੇਂ ਸਥਾਨ ‘ਤੇ ਰਹਿਦੇ ਹੋਏ ਅੱਠ ਨਿਸ਼ਾਨੇਬਾਜ਼ਾਂ ਦੇ 24 ਸ਼ਾਟ ਦੇ ਫਾਈਨਲ ‘ਚ ਥਾਂ ਬਣਾਈ।