ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਨਾਬਾਲਗ ਪਹਿਲਵਾਨ ਨੇ ਫੌਜਦਾਰੀ ਜਾਬਤਾ ਦੀ ਧਾਰਾ 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਨਾਬਾਲਗ ਪਹਿਲਵਾਨ ਦਾ ਬਿਆਨ ਅਧਿਕਾਰਤ ਤੌਰ ‘ਤੇ ਸੀ.ਆਰ.ਪੀ.ਸੀ. ਦੀ ਧਾਰਾ 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਗਿਆ। ਨੇੜ ਭਵਿੱਖ ‘ਚ ਬਾਕੀ ਛੇ ਮਹਿਲਾ ਪਹਿਲਵਾਨਾਂ ਦੇ ਵੀ ਮੈਜਿਸਟਰੇਟ ਦੇ ਸਾਹਮਣੇ ਬਿਆਨ ਲਏ ਜਾਣਗੇ। ਇਸ ਦੌਰਾਨ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਖ਼ਿਲਾਫ਼ ਢੁਕਵੀਂ ਕਾਰਵਾਈ ਨਾ ਹੋਣ ਤੋਂ ਨਾਰਾਜ਼ ਪ੍ਰਦਰਸ਼ਨਕਾਰੀ ਭਲਾਵਨਾਂ ਨੇ ਸਿਰ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟ ਕੀਤਾ। ਇਹ ਭਲਵਾਨ ਕਈ ਦਿਨ ਤੋਂ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਬੇਕਸੂਰ ਹਨ ਤਾਂ ਉਹ ਝੂਠ ਫੜਨ ਵਾਲਾ ਨਾਰਕੋ ਟੈਸਟ ਕਰਵਾਉਣ। ਬ੍ਰਿਜ ਭੂਸ਼ਣ ‘ਤੇ 7 ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਮੁਕਾਬਲਿਆਂ ਦੇ ਆਯੋਜਨ ਨਾਲ ਜੁੜੇ ਹੋਣਗੇ ਤਾਂ ਉਹ ਮੁਕਾਬਲੇ ਕਰਵਾਉਣ ਦਾ ਵਿਰੋਧ ਕਰਨਗੇ। ਸਾਕਸ਼ੀ ਨੇ ਇਥੇ ਪ੍ਰੈਸ ਕਾਨਫਰੰਸ ‘ਚ ਕਿਹਾ, “ਮੈਂ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦੀ ਹਾਂ। ਅਸੀਂ ਵੀ ਟੈਸਟ ਕਰਵਾਉਣ ਲਈ ਤਿਆਰ ਹਾਂ। ਸੱਚਾਈ ਸਾਹਮਣੇ ਆਉਣ ਦਿਓ, ਕੌਣ ਦੋਸ਼ੀ ਹੈ ਅਤੇ ਕੌਣ ਨਹੀਂ।’