ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਕਾਂਗਰਸ ‘ਚ ਮਜ਼ਬੂਤ ਕਿਲਾ ਢਾਹੁਣ ‘ਚ ਸਫਲ ਰਹੇ। ਕਾਂਗਰਸ ‘ਚੋਂ ਹੀ ‘ਆਪ’ ਵਿੱਚ ਆਏ ਸਾਬਕਾ ਵਿਧਾਇਕ ਰਿੰਕੂ ਨੂੰ ਜ਼ਿਮਨੀ ਚੋਣ ‘ਚ ਉਮੀਦਵਾਰ ਬਣਾਇਆ ਗਿਆ ਸੀ ਜਿਨ੍ਹਾਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਪਤਨੀ ਮਰਹੂਮ ਚੌਧਰੀ ਸੰਤੋਖ ਸਿੰਘ ਨੂੰ 58691 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 3,02,279 ਜਦਕਿ ਦੂਜੇ ਨੰਬਰ ‘ਤੇ ਰਹੀ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੂੰ 2,43,588 ਵੋਟਾਂ ਮਿਲੀਆਂ। ਇਸ ਚੋਣ ‘ਚ ਤੀਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 1,58,445 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 1,34,800 ਵੋਟਾਂ ਲੈਣ ‘ਚ ਸਫਲ ਰਹੇ। ਸੁਸ਼ੀਲ ਰਿੰਕੂ ਦੀ ਜਿੱਤ ਨਾਲ ਆਮ ਆਦਮੀ ਪਾਰਟੀ ਦਾ ਲੋਕ ਸਭਾ ‘ਚ ਮੁੜ ਦਾਖਲਾ ਹੋ ਗਿਆ। ਇਹ ਕਾਂਗਰਸ ਲਈ ਵੱਡਾ ਝਟਕਾ ਹੈ ਉਸ ਕੋਲ ਇਹ ਸੀਟ 1999 ਤੋਂ ਸੀ। ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਵਿਧਵਾ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ। ਬੀਤੇ ਸਾਲ ਜੂਨ 2022 ਵਿੱਚ ‘ਆਪ’ ਨੂੰ ਵੱਡਾ ਝਟਕਾ ਲੱਗਿਆ, ਜਦੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ‘ਆਪ’ ਦੇ ਗੁਰਮੇਲ ਸਿੰਘ ਨੂੰ ਮਾਮੂਲੀ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸੰਗਰੂਰ ਹਲਕਾ ਕਿਸੇ ਸਮੇਂ ‘ਆਪ’ ਦਾ ਗੜ੍ਹ ਰਿਹਾ ਹੈ। ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ 2014 ਅਤੇ 2019 ਵਿੱਚ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਫਰਵਰੀ 2022 ਵਿੱਚ ਧੂਰੀ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਸੀਟ ਖਾਲੀ ਕਰ ਦਿੱਤੀ ਸੀ। ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਦੂਜੀ ਵਾਰ ਉਹ 2022 ਦੀਆਂ ਚੋਣਾਂ ‘ਆਪ’ ਦੇ ਆਗੂ ਸ਼ੀਤਲ ਅੰਗੂਰਾਲ ਤੋਂ ਹਾਰ ਗਏ ਸਨ। ਲੋਕ ਸਭਾ ਦੀ ਉਪ ਚੋਣ ਵੇਲੇ ਉਹ ਕਾਂਗਰਸ ਛੱਡ ਕੇ ਆਪ ਵਿੱਚ ਆ ਗਏ ਸਨ। ਰਿੰਕੂ ‘ਆਪ’ ਦੇ ਪਹਿਲੇ ਮੈਂਬਰ ਪਾਰਲੀਮੈਂਟ ਬਣ ਗਏ ਹਨ ਜਿਹੜੇ ਜਲੰਧਰ ਤੋਂ ਪਹਿਲੀ ਵਾਰ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਰਿੰਕੂ ਨੇ ਪਹਿਲੇ ਗੇੜ ਤੋਂ ਹੀ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਹੜੀ ਕਿ ਆਖੀਰ ਤੱਕ ਜਾਰੀ ਰਹੀ। ਜਦਕਿ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੀਜੇ ਨੰਬਰ ‘ਤੇ ਚੱਲਦੇ ਰਹੇ ਪਰ ਉਹ ਆਖੀਰਲੇ ਗੇੜਾਂ ‘ਚ ਆ ਕੇ ਪੱਛੜ ਗਏ।