ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ‘ਚ ਦੇਰ ਇਕ ਇਕ ਅਣਹੋਣੀ ਘਟਨਾ ਵਾਪਰੀ ਜਦੋਂ ਇਕ ਕਥਿਤ ਸ਼ਰਾਬੀ ਔਰਤ ਨੂੰ ਇਕ ਸ਼ਰਧਾਲੂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਦੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਪਰਵਿੰਦਰ ਕੌਰ (32) ਹੋਈ ਹੈ, ਪਰ ਆਧਾਰ ਕਾਰਡ ‘ਤੇ ਦਿੱਤੇ ਪਤੇ ਅਨੁਸਾਰ ਇਹ ਔਰਤ ਇਥੇ ਨਹੀਂ ਰਹਿੰਦੀ ਸੀ। ਮਾਰਨ ਵਾਲਾ ਨਿਰਮਲਜੀਤ ਸਿੰਘ ਨੇ ਗੋਲੀਆਂ ਮਾਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਆਤਮ ਸਮਰਪਣ ਕਰ ਦਿੱਤਾ ਹੈ, ਪੁਲੀਸ ਨੇ ਕੇਸ ਦਰਜ ਕਰ ਲਿਆ ਹੈ, ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਘਟਨਾ ਦੀ ਹੋਰ ਜਾਂਚ ਕਰ ਰਹੀ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਔਰਤ ਪਰਵਿੰਦਰ ਕੌਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ‘ਤੇ ਕਥਿਤ ਜਰਦਾ ਮਲ ਰਹੀ ਹੈ ਜਿਸ ਬਾਰੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਸੇਵਾਦਾਰਾਂ ਨੇ ਉਸ ਔਰਤ ਨੂੰ ਰੋਕਿਆ ਪਰ ਉਹ ਔਰਤ ਨਾ ਰੁਕੀ, ਸੇਵਾਦਾਰ ਜਦੋਂ ਉਸ ਔਰਤ ਨੂੰ ਮੈਨੇਜਰ ਕੋਲ ਲੈ ਜਾਣ ਲੱਗੇ ਤਾਂ ਉਸ ਔਰਤ ਨੇ ਸੇਵਾਦਾਰ ‘ਤੇ ਹਮਲਾ ਵੀ ਕਰ ਦਿੱਤਾ। ਇਸ ਔਰਤ ਕੋਲ ਕਥਿਤ ਸ਼ਰਾਬ ਦਾ ਪਊਆ ਵੀ ਨਿਕਲਿਆ। ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਜਦੋਂ ਇਹ ਔਰਤ ਦਫਤਰ ‘ਚ ਲਿਆਂਦੀ ਗਈ ਤਾਂ ਇਸ ਦੀ ਹਾਲਤ ਦੇਖ ਕੇ ਪੁਲੀਸ ਬੁਲਾ ਲਈ ਗਈ ਜਦੋਂ ਪੁਲੀਸ ਇਸ ਔਰਤ ਨੂੰ ਲੈ ਕੇ ਜਾ ਰਹੀ ਸੀ ਤਾਂ ਨਿਰਮਲਜੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਇਸ ਔਰਤ ਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਇਸ ਔਰਤ ਦੇ 5 ਰਾਊਂਡ ਗੋਲੀਆਂ ਮਾਰ ਦਿੱਤੀਆਂ। ਪਹਿਲੀ ਗੋਲੀ ਪੇਟ ‘ਚ ਲੱਗੀ ਆਖਰੀ ਗੋਲੀ ਸਿਰ ‘ਚ ਲੱਗੀ। ਇਸ ਦੌਰਾਨ ਇਕ ਸਾਗਰ ਨਾਮ ਦੇ ਸੇਵਾਦਾਰ ਦੇ ਵੀ ਗੋਲੀ ਲੱਗੀ ਜਿਸ ਨੂੰ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਰ ਔਰਤ ਨੂੰ ਰਾਜਿੰਦਰਾ ਹਸਪਤਾਲ ‘ਚ ਮ੍ਰਿਤਕ ਕਰਾਰ ਦੇ ਦਿੱਤਾ ਜਿਸ ਦੌਰਾਨ ਔਰਤ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖਿਆ ਗਿਆ ਹੈ। ਨਿਰਮਲਜੀਤ ਸਿੰਘ ਬਾਰੇ ਪਤਾ ਲੱਗਾ ਹੈ ਕਿ ਉਸ ਦਾ ਆਪਣੀ ਔਰਤ ਨਾਲ ਤਲਾਕ ਹੋ ਗਿਆ ਸੀ ਜਿਸ ਕਰਕੇ ਉਹ ਰੋਜ਼ਾਨਾ ਹੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ‘ਚ ਆਉਂਦਾ ਸੀ। ਪੁਲੀਸ ਸੂਤਰਾਂ ਅਨੁਸਾਰ ਔਰਤ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ। ਇਸ ਔਰਤ ਨੂੰ ਨਸ਼ੇ ਦੀ ਆਦਤ ਸੀ ਜਿਸ ਦੀ ਡਾਕਟਰਾਂ ਕੋਲੋਂ ਦਵਾਈ ਵੀ ਚੱਲ ਰਹੀ ਸੀ। ਇਸ ਔਰਤ ਨੂੰ ਸ਼ਰਾਬ ਪੀਣ ਤੋਂ ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀ। ਇਹ ਵੀ ਪਤਾ ਲੱਗਾ ਕਿ ਇਸ ਔਰਤ ਨੂੰ ਘਰਦਿਆਂ ਵਲੋਂ ਬੇਦਖਲ ਕੀਤਾ ਹੋਇਆ ਸੀ, ਇਹ ਕਦੇ ਕਿਤੇ ਕੰਮ ਕਰਦੀ ਸੀ ਕਦੇ ਕਿਤੇ ਕੰਮ ਕਰਦੀ ਸੀ, ਆਮ ਤੌਰ ‘ਤੇ ਇਹ ਬਿਊਟੀ ਪਾਰਲਰ ‘ਤੇ ਹੀ ਕੰਮ ਕਰਦੀ ਹੁੰਦੀ ਸੀ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਘਟਨਾ ਦੀ ਨਿੱਜੀ ਤੌਰ ‘ਤੇ ਜਾਂਚ ਕਰ ਰਹੇ ਹਾਂ, ਸਾਰੀ ਘਟਨਾ ਬਾਰੇ ਪੜਤਾਲ ਪੁਲੀਸ ਵੀ ਕਰ ਰਹੀ ਹੈ।