ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਵਾਰ ਨਿਊ ਮੈਕਸੀਕੋ ਦੇ ਫਾਰਮਿੰਗਟਨ ‘ਚ ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਫਾਇਰਿੰਗ ‘ਚ ਪੁਲੀਸ ਅਧਿਕਾਰੀ ਸਮੇਤ ਕਈ ਹੋਰ ਜ਼ਖਮੀ ਹੋ ਗਏ। ਫਾਰਮਿੰਗਟਨ ਸ਼ਹਿਰ ਨਿਊ ਮੈਕਸੀਕੋ ਦੇ ਉੱਤਰ-ਪੱਛਮ ‘ਚ ਸਥਿਤ ਹੈ ਜਿਸ ਦੀ ਆਬਾਦੀ ਲਗਪਗ 50,000 ਹੈ। ਪੁਲੀਸ ਦੇ ਹਵਾਲੇ ਨਾਲ ਮਿਲੀਆਂ ਮੀਡੀਆਂ ਰਿਪੋਰਟਾਂ ਮੁਤਾਬਕ ਫਾਇਰਿੰਗ ‘ਚ ਸ਼ੱਕੀ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ਹਿਰ ਦੇ ਪੁਲੀਸ ਵਿਭਾਗ ਨੇ ਇਕ ਪੋਸਟ ‘ਚ ਕਿਹਾ ਕਿ ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਅਧਿਕਾਰੀਆਂ ਨੇ ਇਕ ਸ਼ੱਕੀ ਨੂੰ ਮੌਕੇ ‘ਤੇ ਗੋਲੀਬਾਰੀ ‘ਚ ਮਾਰ ਦਿੱਤਾ। ਪੁਲੀਸ ਵਿਭਾਗ ਮੁਤਾਬਕ ਗੋਲੀਬਾਰੀ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿਸ ‘ਚ ਇਕ ਰਾਜ ਪੁਲੀਸ ਅਧਿਕਾਰੀ ਵੀ ਸ਼ਾਮਲ ਹੈ। ਪੁਲੀਸ ਨੇ ਮਾਰੇ ਗਏ ਜਾਂ ਜ਼ਖ਼ਮੀਆਂ ਦੇ ਨਾਂ ਨਹੀਂ ਦੱਸੇ ਅਤੇ ਨਾ ਹੀ ਗੋਲੀਬਾਰੀ ਦਾ ਕਾਰਨ ਦੱਸਿਆ। ਪੁਲੀਸ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਅਣਜਾਣ ਹੈ ਅਤੇ ਇਸ ਸਮੇਂ ਕੋਈ ਹੋਰ ਖ਼ਤਰਾ ਨਹੀਂ ਹੈ। ਇਸ ਦੇ ਨਾਲ ਹੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸ਼ਹਿਰ ਦੇ ਸਕੂਲਾਂ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੈਨ ਜੁਆਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਮੇਗਨ ਮਿਸ਼ੇਲ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ‘ਚ ਜ਼ਿਆਦਾ ਜਾਣਕਾਰੀ ਨਹੀਂ ਹੈ।