ਵਿਵਾਦਗ੍ਰਸਤ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕ ਸਾਬਕਾ ਅਕਾਲੀ ਵਿਧਾਇਕ ਤੇ ਉੱਘੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਫਰੀਦਕੋਟ ਸਥਿਤ ਟਿਕਾਣਿਆਂ ‘ਤੇ ਅੱਜ ਇਨਕਮ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਟੀਮਾਂ ਨੇ ਦੀਪ ਮਲਹੋਤਰਾ ਦੇ ਘਰ ਅਤੇ ਦਫ਼ਤਰ ‘ਚ ਚੈਕਿੰਗ ਕੀਤੀ। ਇਸ ਤੋਂ ਇਲਾਵਾ ਫਿਰੋਜ਼ਪੁਰ ‘ਚ ਵੀ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਮਲਹੋਤਰਾ ਨਾਲ ਸਬੰਧਤ ਪਵਨ ਬਾਂਸਲ ਦੇ ਘਰ ਵੀ ਇਨਕਮ ਟੈਕਸ ਅਧਿਕਾਰੀ ਪਹੁੰਚੇ ਹਨ। ਜ਼ਿਕਰਯੋਗ ਹੈ ਕਿ 8 ਫਰਵਰੀ 2023 ਨੂੰ ਈ.ਡੀ. ਨੇ ਦੀਪ ਮਲਹੋਤਰਾ ਦੇ ਮੁੰਡੇ ਅਤੇ ਪੰਜਾਬ ਦੇ ਵਪਾਰੀ ਗੌਤਮ ਮਲਹੋਤਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਈ.ਡੀ. ਦੇ ਅਧਿਕਾਰੀਆਂ ਨੇ ਮਾਮਲੇ ‘ਚ ਪੁੱਛ-ਗਿੱਛ ਕਰਨ ਤੋਂ ਬਾਅਦ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਵਪਾਰੀ ‘ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਕਾਰਟਲਾਈਜੇਸ਼ਨ ਦਾ ਦੋਸ਼ ਹੈ। ਇਸੇ ਆਬਕਾਰੀ ਨੀਤੀ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਿਛਲੇ ਕਈ ਹਫ਼ਤੇ ਤੋਂ ਗ੍ਰਿਫ਼ਤਾਰ ਹਨ।