ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਇਕ-ਦੋ ਮੰਤਰੀਆਂ ਤੋਂ ਇਲਾਵਾ ਕੁਝ ਵਿਧਾਇਕ ਇਸ ਸਮੇਂ ਕਿਸੇ ਨਾ ਕਿਸੇ ਵਿਵਾਦ ‘ਚ ਉਲਝੇ ਹੋਏ ਹਨ। ਇਸੇ ਤਰ੍ਹਾਂ ਬਠਿੰਡਾ (ਦਿਹਾਤੀ) ਦਾ ਵਿਧਾਇਕ ਅਮਿਤ ਰਤਨ ਵੀ ਪਟਿਆਲਾ ਜੇਲ੍ਹ ‘ਚ ਬੰਦ ਹੈ ਜਿਸ ਦੀਆਂ ਮੁਸ਼ਕਿਲਾਂ ਹੋਣ ਵਧਣ ਦੇ ਆਸਾਰ ਬਣ ਗਏ ਹਨ। ਮੁਹਾਲੀ ਦੀ ਫੋਰੈਂਸਿਕ ਲੈਬ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਪੱਤਰ ਭੇਜ ਕੇ ਵਿਧਾਇਕ ਦੀ ਆਵਾਜ਼ ਦੇ ਨਮੂਨਿਆਂ ਦੀ ਪੇਸ਼ਟੀ ਕੀਤੀ ਹੈ। ਵਿਜੀਲੈਂਸ ਨੇ ਰਿਸ਼ਵਤ ਕਾਂਡ ਮਾਮਲੇ ‘ਚ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਨ੍ਹਾਂ ਦੇ ਪੀ.ਏ. ਰਿਸ਼ਮ ਗਰਗ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਲੈਬ ਦੀ ਰਿਪੋਰਟ ਨਾਲ ਵਿਜੀਲੈਂਸ ਦਾ ਕੇਸ ਤਕਨੀਕੀ ਨੁਕਤੇ ਤੋਂ ਮਜ਼ਬੂਤ ਹੋਇਆ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅਮਿਤ ਰਤਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ ਪਰ ਅਦਾਲਤ ਨੇ ਅਗਲੀ ਸੁਣਵਾਈ 22 ਮਈ ‘ਤੇ ਪਾ ਦਿੱਤੀ ਹੈ। ਅਦਾਲਤ ‘ਚ ਸੀਨੀਅਰ ਐਡਵੋਕੇਟ ਜਨਰਲ ਗੌਰਵ ਧੂਰੀਵਾਲਾ ਅਤੇ ਮੁੱਦਈ ਪ੍ਰਿਤਪਾਲ ਕੁਮਾਰ ਹਾਜ਼ਰ ਹੋਏ। ਵੇਰਵਿਆਂ ਅਨੁਸਾਰ ਵਿਜੀਲੈਂਸ ਰੇਂਜ ਨੇ ਅਮਿਤ ਰਤਨ ਖ਼ਿਲਾਫ਼ ਬਠਿੰਡਾ ਅਦਾਲਤ ‘ਚ 17 ਅਪ੍ਰੈਲ ਨੂੰ ਚਲਾਨ ਪੇਸ਼ ਕੀਤਾ ਸੀ ਜਿਸ ਨਾਲ ਪੰਜ ਆਡੀਓ ਰਿਕਾਰਡਿੰਗਾਂ ਵੀ ਦਿੱਤੀਆਂ ਗਈਆਂ ਸਨ। ਇਨ੍ਹਾਂ ‘ਚ ਮੁੱਦਈ ਪ੍ਰਿਤਪਾਲ ਸਿੰਘ ਘੁੱਦਾ, ਪੀ.ਏ. ਰਿਸ਼ਮ ਗਰਗ ਅਤੇ ਵਿਧਾਇਕ ਅਮਿਤ ਰਤਨ ਦੀ ਆਪਸੀ ਗੱਲਬਾਤ ਹੈ। ਇਨ੍ਹਾਂ ਆਡੀਓ ਕਾਲਾਂ ਦੇ ਆਵਾਜ਼ ਦੇ ਨਮੂਨੇ ਵਿਜੀਲੈਂਸ ਨੇ ਫੋਰੈਂਸਿਕ ਲੈਬ ਮੁਹਾਲੀ ਨੂੰ ਭੇਜੇ ਸਨ। ਅਮਿਤ ਰਤਨ ਨੇ ਅਦਾਲਤ ‘ਚ ਮੰਗ ਕੀਤੀ ਸੀ ਕਿ ਨਮੂਨਿਆਂ ਦੀ ਜਾਂਚ ਬੋਰਡ ਬਣਾ ਕੇ ਕੀਤੀ ਜਾਵੇ। ਸੂਤਰਾਂ ਅਨੁਸਾਰ ਫੋਰੈਂਸਿਕ ਲੈਬ ‘ਚ ਪੰਜ ਮੈਂਬਰੀ ਬੋਰਡ ਵੱਲੋਂ ਇਸ ਤਿੱਕੜੀ ਦੀ ਆਵਾਜ਼ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ‘ਚ ਤਿੰਨੋਂ ਦੀ ਆਵਾਜ਼ ਦੇ ਨਮੂਨੇ ਮੇਲ ਖਾ ਗਏ ਹਨ। ਵਿਧਾਇਕ ਦਾ ਪੀ.ਏ. ਰਿਸ਼ਮ ਗਰਗ ਵੀ ਨਿਆਂਇਕ ਹਿਰਾਸਤ ‘ਚ ਹੈ। ਵਿਜੀਲੈਂਸ ਰਿਸ਼ਮ ਦੇ ਸਮਾਣਾ ਸਥਿਤ ਘਰ ‘ਚੋਂ 1.13 ਲੱਖ ਰੁਪਏ ਵੀ ਬਰਾਮਦ ਕਰ ਚੁੱਕੀ ਹੈ। ਸ਼ਿਕਾਇਤਕਰਤਾ ਪ੍ਰਿਤਪਾਲ ਕੁਮਾਰ ਨੇ ਰਿਸ਼ਵਤ ਕਾਂਡ ਦਾ ਭਾਂਡਾ ਭੰਨ੍ਹਣ ਲਈ ਅਗਸਤ 2022 ਤੋਂ ਹੀ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸਬੂਤ ਇਕੱਤਰ ਕਰਨ ਲਈ ਬਾਕਾਇਦਾ ਛੋਟਾ ਰਿਕਾਰਡਰ ਖਰੀਦਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਧਾਇਕ ਅਮਿਤ ਰਤਨ ਨੂੰ ਗ੍ਰਿਫ਼ਤਾਰ ਕਰਨ ਲਈ ਹਰੀ ਝੰਡੀ ਦੇ ਕੇ ਸੁਨੇਹਾ ਦਿੱਤਾ ਸੀ ਕਿ ਕਿਸੇ ਵੀ ਰਿਸ਼ਵਤਖ਼ੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਮਿਤ ਰਤਨ ਨੇ 2017 ਦੀਆਂ ਚੋਣਾਂ ‘ਚ ਬਠਿੰਡਾ ਦਿਹਾਤੀ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਹ ਚੋਣ ਹਾਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਢੀ ਦੇ ਦੋਸ਼ਾਂ ਕਰਕੇ ਅਮਿਤ ਰਤਨ ਨੂੰ ਪਾਰਟੀ ‘ਚੋਂ ਕੱਢਿਆ ਸੀ। ਉਸ ਮਗਰੋਂ ‘ਆਪ’ ਨੇ 2022 ਦੀਆਂ ਚੋਣਾਂ ‘ਚ ਅਮਿਤ ਰਤਨ ਨੂੰ ਉਮੀਦਵਾਰ ਬਣਾ ਲਿਆ ਸੀ। ਅਮਿਤ ਰਤਨ ਨੇ ਇਨ੍ਹਾਂ ਚੋਣਾਂ ‘ਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਸੀ।