ਇੰਡੀਆ-ਪਾਕਿਸਤਾਨ ਬਾਰਡਰ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਡਰੋਨ ਨੂੰ ਡੇਗਿਆ ਗਿਆ ਹੈ। ਡਰੋਨ ਦੇ ਨਾਲ ਕਰੋਡ਼ਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕਰਨ ’ਚ ਵੀ ਭਾਰਤੀ ਜਵਾਨਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ। ਫਾਜ਼ਿਲਕਾ ਸੈਕਟਰ ਅੰਦਰ ਹੋਈ ਇਸ ਬਰਾਮਦਗੀ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੰਜਾਬ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ, ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਹੋਰ ਕੋਈ ਬਰਾਮਦਗੀ ਨਹੀਂ ਹੋਈ ਹੈ। ਬੀ.ਐੱਸ.ਐੱਫ. ਦੇ ਡੀ.ਆਈ.ਜੀ. ਵੇਦ ਪ੍ਰਕਾਸ਼ ਬਡੋਲਾ ਨੇ ਦੱਸਿਆ ਕਿ ਫਡ਼ੇ ਗਏ ਡਰੋਨ ਦੇ ਨਾਲ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ, ਜਿਸ ਦਾ ਭਾਰ 1 ਕਿਲੋ 630 ਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਇਹ ਡਰੋਨ ਇੰਡੀਆ ਦੇ ਅੰਦਰ ਦਾਖ਼ਲ ਹੋਇਆ ਸੀ, ਪਰ ਬੀ.ਐੱਸ.ਐੱਫ. ਦੀ 55 ਬਟਾਲੀਅਨ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਡਰੋਨ ਫਡ਼ਿਆ ਗਿਆ। ਇਹ ਸਰਚ ਅਪ੍ਰੇਸ਼ਨ ਫਾਜ਼ਿਲਕਾ ਦੇ ਐੱਸ.ਪੀ. ਅਜੈਰਾਜ ਸਿੰਘ ਦੀ ਅਗਵਾਈ ਚਲਾਇਆ ਗਿਆ। ਇਸ ਦੌਰਾਨ ਦੋ ਡੀ.ਐੱਸ.ਪੀ. ਅਤੇ 70 ਕਰਮਚਾਰੀ ਇਸ ਸਰਚ ਅਭਿਆਨ ’ਚ ਸ਼ਾਮਲ ਰਹੇ।