ਰਾਜਸਥਾਨ ਦੇ ਉਦੈਪੁਰ ’ਚ ਦੋ ਵਿਅਕਤੀ ਵੱਲੋਂ ਇਕ ਦਰਜੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਨਾਲ ਸਥਿਤੀ ਬੇਹੱਦ ਤਣਾਅ ਵਾਲੀ ਬਣੀ ਹੋਈ ਹੈ। ਇਸ ਮਾਮਲੇ ਦੀ ਜਾਂਚ ਹੁਣ ਐੱਨ.ਆਈ.ਏ. ਕਰ ਰਹੀ ਹੈ ਜਦਕਿ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਉਦੈਪੁਰ ’ਚ ਕਰਫਿਊ ਲਾਇਆ ਗਿਆ ਹੈ ਅਤੇ ਰਾਜਸਥਾਨ ਦੇ 33 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਉਦੈਪੁਰ ਦੇ ਭੀਡ਼-ਭਡ਼ੱਕੇ ਵਾਲੇ ਇਲਾਕੇ ’ਚ ਦਿਨ-ਦਿਹਾਡ਼ੇ ਇਕ ਦਰਜੀ ਦਾ ਕਤਲ ਕੀਤੇ ਜਾਣ ਮਗਰੋਂ ਦੋ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਰਾਜਸਥਾਨ ਦੇ ਇਸ ਸ਼ਹਿਰ ’ਚ ਤਣਾਅ ਪੈਦਾ ਹੋ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਦੈਪੁਰ ਦੇ ਸੱਤ ਥਾਣਿਆਂ ਅਧੀਨ ਆਉਂਦੇ ਖੇਤਰਾਂ ’ਚ ਰਾਤ ਅੱਠ ਵਜੇ ਤੋਂ ਧਾਰਾ 144, ਕਰਫਿਊ ਲਾਉਣ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ। ਗ੍ਰਹਿ ਮੰਤਰਾਲੇ ਨੇ ਨਵੀਂ ਦਿੱਲੀ ਤੋਂ ਐੱਨ.ਆਈ.ਏ. ਟੀਮ ਉਦੈਪੁਰ ਭੇਜੀ ਹੈ ਜੋ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੇ ਵੀਡੀਓ ’ਚ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਕਤਲ ਨਾਲ ਇਸਲਾਮ ਦੇ ਅਪਮਾਨ ਦਾ ਬਦਲਾ ਲੈ ਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਉਦੈਪੁਰ ਦੇ ਗੁਆਂਢੀ ਜ਼ਿਲ੍ਹੇ ਰਾਜਸਮੰਡ ਦੇ ਭੀਮ ਖੇਤਰ ਤੋਂ ਦੋ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਨੇ ਦੱਸਿਆ ਕਿ ਪੀਡ਼ਤ ਦੀ ਪਛਾਣ ਕਨ੍ਹਈਆ ਲਾਲ ਵਜੋਂ ਹੋਈ ਹੈ। ਉਹ ਦਰਜੀ ਦਾ ਕੰਮ ਕਰਦਾ ਸੀ। ਦੋਵੇਂ ਹਮਲਾਵਰ ਸ਼ਹਿਰ ਦੇ ਧਾਨ ਮੰਡੀ ਇਲਾਕੇ ’ਚ ਉਸ ਦੀ ਦੁਕਾਨ ’ਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਅਤੇ ਬਾਅਦ ’ਚ ਸੋਸ਼ਲ ਮੀਡੀਆ ’ਤੇ ਵੀਡੀਓ ਕਲਿੱਪ ਸਾਂਝੀ ਕੀਤੀ, ਜੋ ਵਾਇਰਲ ਹੋ ਰਹੀ ਹੈ। ਲੋਕ ਇਸ ਘਟਨਾ ਦੀ ਤੁਲਨਾ ਤਾਲਿਬਾਨ ਵੱਲੋਂ ਕੀਤੇ ਜਾਂਦੇ ਵਹਿਸ਼ੀਆਨਾ ਕਤਲਾਂ ਨਾਲ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਨ੍ਹਈਆ ਲਾਲ ਨੇ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਸੋਸ਼ਲ ਮੀਡੀਆ ’ਤੇ ਸਮਰਥਨ ਕੀਤਾ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ। ਕਤਲ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਉਦੈਪੁਰ ’ਚ ਤਣਾਅ ਪੈਦਾ ਹੋ ਗਿਆ। ਸਥਾਨਕ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ।