ਦੀਪਕ ਹੁੱਡਾ ਦੇ ਸ਼ਾਨਦਾਰ ਸੈਂਕਡ਼ ਤੇ ਸੰਜੂ ਸੈਮਸਨ ਦੇ ਤੂਫਾਨੀ ਅਰਧ ਸੈਂਕਡ਼ੇ ਦੇ ਦਮ ’ਤੇ ਇੰਡੀਆ ਨੇ ਆਇਰਲੈਂਡ ਨੂੰ ਦੂਜੇ ਟੀ-20 ਮੁਕਾਬਲੇ ’ਚ 4 ਦੌਡ਼ਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 225 ਦੌਡ਼ਾਂ ਦਾ ਵੱਡਾ ਸਕੋਰ ਬਣਾਇਆ ਸੀ। ਦੀਪਕ ਹੁੱਡਾ ਨੇ 104 ਦੌਡ਼ਾਂ ਦੀ ਪਾਰੀ ਖੇਡੀ ਜਦਕਿ ਸੰਜੂ ਸੈਮਸਨ ਨੇ 77 ਦੌਡ਼ਾਂ ਦਾ ਯੋਗਦਾਨ ਦਿੱਤਾ। ਹੁੱਡਾ ਨੇ ਆਪਣੀ ਪਾਰੀ ’ਚ 57 ਗੇਂਦਾਂ ਦਾ ਸਾਹਮਣਾ ਕੀਤਾ ਤੇ 9 ਚੌਕੇ 6 ਛੱਕੇ ਲਾਏ। ਉਥੇ ਹੀ ਸੈਮਸਨ ਨੇ 42 ਗੇਂਦਾਂ ਖੇਡੀਆਂ ਤੇ 9 ਚੌਕੇ ਤੇ 4 ਛੱਕੇ ਲਾਏ। ਮੇਜ਼ਬਾਨ ਆਇਰਲੈਂਡ ਨੇ ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਉਸ ਨੇ ਅੰਤ ਤਕ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰਾ ਜ਼ੋਰ ਲਾਇਆ, ਜਿਸ ਦੇ ਲਈ ਉਸਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹਾਲਾਂਕਿ ਉਸ ਨੂੰ 4 ਦੌਡ਼ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਚੇ ਦਾ ਪਿੱਛਾ ਕਰਦਿਆਂ ਆਇਰਲੈਂਡ ਲਈ ਪਾਲ ਸਟਰਲਿੰਗ (40), ਐਂਡ੍ਰਿਊ ਬਾਲਬ੍ਰਾਇਨ (60), ਹੈਰੀ ਟੱਕਰ (39) ਤੇ ਡਾਰਡ ਡੈੱਕਰੇਲ (34) ਦੀਆਂ ਪਾਰੀਆਂ ਦੇ ਬਾਵਜੂਦ ਟੀਮ 20 ਓਵਰਾਂ ’ਚ 5 ਵਿਕਟਾਂ ’ਤੇ 221 ਦੌਡ਼ਾਂ ਹੀ ਬਣਾ ਸਕੀ। ਦੀਪਕ ਹੁੱਡਾ ਟੀ-20 ਕੌਮਾਂਤਰੀ ’ਚ ਸੈਂਕਡ਼ਾ ਲਾਉਣ ਵਾਲਾ ਇੰਡੀਆ ਦਾ ਹੁਣ ਤਕ ਦਾ ਚੌਥੇ ਬੱਲੇਬਾਜ਼ ਬਣ ਗਿਆ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ (4 ਸੈਂਕਡ਼ੇ), ਲੋਕੇਸ਼ ਰਾਹੁਲ (2 ਸੈਂਕਡ਼ੇ) ਤੇ ਸੁਰੇਸ਼ ਰੈਨਾ (1 ਸੈਂਕਡ਼ਾ) ਇਹ ਕਾਰਨਾਮਾ ਕਰ ਚੁੱਕੇ ਹਨ। ਤਕਰੀਬਨ ਚਾਰ ਸਾਲ ਬਾਅਦ ਕਿਸੇ ਭਾਰਤੀ ਬੱਲੇਬਾਜ਼ ਨੇ ਟੀ-20 ਕੌਮਾਂਤਰੀ ’ਚ ਸੈਂਕਡ਼ਾ ਲਾਇਆ ਹੈ। ਇਸ ਤੋਂ ਪਹਿਲਾਂ ਇੰਡੀਆ ਵਲੋਂ ਆਖਰੀ ਸੈਂਕਡ਼ਾ ਨਵੰਬਰ 2018 ’ਚ ਰੋਹਿਤ ਸ਼ਰਮਾ ਨੇ ਲਾਇਆ ਸੀ। ਦੀਪਕ ਤੇ ਸੰਜੂ ਨੇ ਦੂਜੀ ਵਿਕਟ ਲਈ ਸਾਂਝੇਦਾਰੀ ’ਚ 176 ਦੌਡ਼ਾਂ ਜੋਡ਼ੀਆਂ। ਇਹ ਟੀ-20 ਕੌਮਾਂਤਰੀ ’ਚ ਇੰਡੀਆ ਵੱਲੋਂ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਪਿਛਲਾ ਰਿਕਾਰਡ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਦੇ ਨਾਂ ਸੀ। ਉਨ੍ਹਾਂ ਦੋਵਾਂ ਨੇ 2017 ’ਚ ਸ਼੍ਰੀਲੰਕਾ ਵਿਰੁੱਧ ਇੰਦੌਰ ’ਚ 165 ਦੌਡ਼ਾਂ ਦੀ ਸਾਂਝੇਦਾਰੀ ਕੀਤੀ ਸੀ।