ਅਮਰੀਕਾ ਦੇ ਦੱਖਣੀ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ’ਚ ਇਕ ਟ੍ਰੇਲਰ ’ਚ ਗਰਮੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਮੈਕਸੀਕੋ ਅਤੇ ਮੱਧ ਅਮਰੀਕਾ ’ਚ ਰਹਿਣ ਵਾਲੇ ਪਰਵਾਸੀਆਂ ਦੇ ਪਰਿਵਾਰ ਲਗਾਤਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਕਸੀਕੋ ਤੋਂ ਸਰਹੱਦ ਪਾਰ ਤਸਕਰੀ ਕਰਕੇ ਲਿਆਂਦੇ ਗਏ ਪਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ, ‘ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ, ਇਸ ਨੂੰ ਰੋਕਿਆ ਜਾ ਸਕਦਾ ਸੀ।’ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ‘ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ’ ਘਟਨਾ ਦੱਸਿਆ ਹੈ। ਬਾਇਡਨ ਨੇ ਇਕ ਬਿਆਨ ’ਚ ਕਿਹਾ, ‘ਆਪਣੇ ਫਾਇਦੇ ਲਈ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨਾ ਸ਼ਰਮਨਾਕ ਹੈ, ਇਸ ਘਟਨਾ ਨਾਲ ਜੁਡ਼ੇ ਕਈ ਸਿਆਸੀ ਪਹਿਲੂ ਵੀ ਹਨ। ਮੇਰਾ ਪ੍ਰਸ਼ਾਸਨ ਮਨੁੱਖੀ ਤਸਕਰਾਂ ਨੂੰ ਉਨ੍ਹਾਂ ਲੋਕਾਂ ਦਾ ਫਾਇਦਾ ਉਠਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖੇਗਾ, ਜੋ ਅਮਰੀਕਾ ’ਚ ਦਾਖ਼ਲ ਹੋਣਾ ਚਾਹੁੰਦੇ ਹਨ।’ ਮੈਕਸੀਕੋ ਦੇ ਵਿਦੇਸ਼ ਮੰਤਰਾਲਾ ’ਚ ਉੱਤਰੀ ਅਮਰੀਕਾ ਵਿਭਾਗ ਦੇ ਮੁਖੀ ਰੌਬਰਟੋ ਵੇਲਾਸਕੋ ਅਲਵਾਰੇਜ਼ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਘੱਟੋ-ਘੱਟ 22 ਮੈਕਸੀਕੋ, 7 ਗੁਆਟੇਮਾਲਾ ਅਤੇ 2 ਹੋਂਡੂਰਸ ਦੇ ਰਹਿਣ ਵਾਲੇ ਸਨ। ਇਹ ਪਿਛਲੇ ਕੁਝ ਦਹਾਕਿਆਂ ’ਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ’ਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ’ਚ ਇਹ ਸਭ ਤੋਂ ਘਾਤਕ ਹੈ। 2017 ’ਚ ਸੈਨ ਐਂਟੋਨੀਓ ਦੇ ਇਕ ਵਾਲਮਾਰਟ ’ਚ ਖਡ਼੍ਹੇ ਇਕ ਟਰੱਕ ਅੰਦਰ ਫਸਣ ਕਾਰਨ 10 ਪਰਵਾਸੀਆਂ ਦੀ ਮੌਤ ਹੋ ਗਈ ਸੀ। 2003 ’ਚ ਸੈਨ ਐਂਟੋਨੀਓ ਦੇ ਦੱਖਣ-ਪੂਰਬ ’ਚ ਇਕ ਟਰੱਕ ’ਚ 19 ਪਰਵਾਸੀ ਮਿਲੇ ਸਨ। ਟੈਕਸਾਸ ਦੇ ਪ੍ਰਤੀਨਿਧੀ ਹੈਨਰੀ ਕੁਏਲਰ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ’ਚ ਟਰੱਕ ਡਰਾਈਵਰ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੈਕਟਰ-ਟ੍ਰੇਲਰ ਟੈਕਸਾਸ ਦੇ ਇੰਟਰਸਟੇਟ-35 ’ਤੇ ਲਾਰੇਡੋ ਤੋਂ ਲੰਘਿਆ ਸੀ। ਉਨ੍ਹਾਂ ਨੂੰ ਉਦੋਂ ਇਸ ’ਚ ਪਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਪੁਲੀਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਦੇ ਬਾਹਰਵਾਰ ਇਕ ਟਰੈਕਟਰ-ਟ੍ਰੇਲਰ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮਦਦ ਲਈ ਚੀਕਾਂ ਸੁਣ ਕੇ ਮੌਕੇ ’ਤੇ ਮੌਜੂਦ ਨਗਰ ਨਿਗਮ ਦੇ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ ਸੀ। ਇਸ ਦੇ ਕਰੀਬ ਇਕ ਘੰਟੇ ਬਾਅਦ ਸਡ਼ਕ ’ਤੇ ਲਾਸ਼ਾਂ ਦੇ ਢੇਰ ਲੱਗੇ ਗਏ ਸਨ।