ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਮਲਬੇ ’ਚੋਂ ਦੋ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਰੇਲਵੇ ਉਸਾਰੀ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ’ਤੇ ਬੀਤੇ ਦਿਨ ਇਹ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਲਾਸ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ, ਅਸਾਮ ਰਾਈਫਲਜ਼, ਟੈਰੀਟੋਰੀਅਲ ਆਰਮੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਐੱਸ.ਡੀ.ਆਰ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲੇ ਵੀ ਦਰਜਨਾਂ ਵਿਅਕਤੀ ਲਾਪਤਾ ਹਨ। ਵੀਰਵਾਰ ਨੂੰ ਘਟਨਾ ਸਥਾਨ ਤੋਂ ਟੈਰੀਟੋਰੀਅਲ ਫੌਜ ਦੇ ਸੱਤ ਜਵਾਨਾਂ ਸਮੇਤ ਅੱਠ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਹੋਰ ਲਾਸ਼ਾਂ ਬਰਾਮਦ ਹੋਈਆਂ। ਇਸ ਤਰ੍ਹਾਂ ਹੁਣ ਤੱਕ 24 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਪੂਰਬੀ ਕਮਾਂਡ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਆਰ.ਪੀ. ਕਾਲਿਤਾ ਨੇ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ। ਪਹਿਲਾਂ ਜ਼ਖ਼ਮੀਆਂ ਨੂੰ ਲਿਏਮਾਕੌਂਗ ਮਿਲਟਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਮੰਤਰੀਪੁਖਰੀ ਦੇ ਅਸਾਮ ਰਾਈਫਲਜ਼ ਹਸਪਤਾਲ ’ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਐਕਸਗਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।