ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਦੇ ਇਤਿਹਾਸ ’ਚ ਇਕ ਓਵਰ ’ਚ ਸਭ ਤੋਂ ਵਧ ਦੌਡ਼ਾਂ ਬਣਾਉਣ ਦੇ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਬਰਾਇਨ ਲਾਰਾ ਦੇ ਰਿਕਾਰਡ ਨੂੰ ਤੋਡ਼ ਦਿੱਤਾ ਹੈ। ਬਰਮਿੰਘਮ ਟੈਸਟ ਦੌਰਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਸੈਂਕਡ਼ਿਆਂ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਦਾ ਇਹ ਜਲਵਾ ਦੇਖਣ ਨੂੰ ਮਿਲਿਆ। ਬੁਮਰਾਹ ਨੇ ਆਪਣੀ ਕਪਤਾਨੀ ’ਚ ਇੰਗਲੈਂਡ ਖ਼ਿਲਾਫ਼ ਖੇਡੇ ਟੈਸਟ ਮੈਚ ਦੌਰਾਨ ਇੰਗਲਿਸ਼ ਗੇਂਦਬਾਜ਼ ਸਟੁਅਰਟ ਬਰੌਡ ਦੇ ਓਵਰ ’ਚ 29 ਦੌਡ਼ਾਂ ਬਣਾਈਆਂ। ਲਾਰਾ ਨੇ 2003-04 ’ਚ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਫਿਰਕੀ ਗੇਂਦਬਾਜ਼ ਰੌਬਿਨ ਪੀਟਰਸਨ ਦੇ ਇਕ ਓਵਰ ’ਚ 28 ਦੌਡ਼ਾਂ ਬਣਾਈਆਂ ਸਨ। ਲਾਰਾ ਦੇ ਨਾਂ ਇਹ ਰਿਕਾਰਡ 18 ਸਾਲ ਰਿਹਾ। ਉਸ ਨੇ ਪੀਟਰਸਨ ਦੀਆਂ ਛੇ ਗੇਂਦਾਂ ’ਚ ਚਾਰ ਚੌਕੇ ਤੇ ਦੋ ਛੱਕੇ ਜਡ਼ੇ ਸਨ। ਇਸ ਦੌਰਾਨ ਇੰਡੀਆ ਦੀ ਪਹਿਲੀ ਪਾਰੀ 416 ਦੌਡ਼ਾਂ ’ਤੇ ਸਿਮਟ ਗਈ ਜਿਸ ’ਚ ਰਿਸ਼ਭ ਪੰਤ ਵੱਲੋਂ ਬਣਾਈਆਂ 146 ਦੌਡ਼ਾਂ ਤੇ ਰਵਿੰਦਰ ਜਡੇਜਾ ਵੱਲੋਂ ਬਣਾਈਆਂ 104 ਦੌਡ਼ਾਂ ਸ਼ਾਮਲ ਹਨ। ਜਸਪ੍ਰੀਤ ਬੁਮਰਾਹ 16 ਗੇਂਦਾਂ ’ਤੇ 31 ਦੌਡ਼ਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਚਾਰ ਚੌਕੇ ਤੇ ਦੋ ਛੱਕੇ ਮਾਰੇ। ਇਸੇ ਦੌਰਾਨ ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਨੇ ਲਾਰਾ ਦਾ ਰਿਕਾਰਡ ਤੋਡ਼ ਕੇ ‘ਕ੍ਰਿਸ਼ਮਾ’ ਕੀਤਾ ਹੈ। ਜ਼ਿਕਰਯੋਗ ਹੈ ਕਿ ਟੀ-20 ’ਚ ਇਕ ਓਵਰ ’ਚ ਸਭ ਤੋਂ ਜ਼ਿਆਦਾ ਦੌਡ਼ਾਂ ਖਾਣ ਦਾ ਰਿਕਾਰਡ ਵੀ ਸਟੁਅਰਟ ਬ੍ਰਾਡ ਦੇ ਹੀ ਨਾਂ ਹੈ।