ਪੰਜਾਬ ਦੀ ਰਾਜਨੀਤੀ ’ਚ ਕਰੀਬ ਸੱਤ ਸਾਲ ਪਹਿਲਾਂ ਭੂਚਾਲ ਲਿਆਉਣ ਵਾਲੇ ਬਰਗਾਡ਼ੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਇਕ ਐੱਸ.ਆਈ.ਟੀ. ਵੱਲੋਂ ਆਪਣੀ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਜਾਂਚ ਟੀਮ ਨੇ ਲੰਬੇ ਸਮੇਂ ਤੱਕ ਚੱਲੀ ਜਾਂਚ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਵੱਲੋਂ ਹੀ ਪਲਾਨ ਕੀਤਾ ਗਿਆ ਸੀ ਤੇ ਡੇਰਾ ਅਤੇ ਡੇਰੇ ਨਾਲ ਜੁਡ਼ੇ ਲੋਕਾਂ ਵੱਲੋਂ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਅਪਮਾਨ ਦਾ ਬਦਲਾ ਲੈਣ ਲਈ ਹੀ ਅੰਜਾਮ ਦਿੱਤਾ ਸੀ, ਜਿਸ ’ਚ ਗੁਰਮੀਤ ਦੀ ਇਕ ਫ਼ਿਲਮ ਦੀ ਰਿਲੀਜ਼ ਨੂੰ ਵੀ ਰੋਕਿਆ ਗਿਆ ਸੀ। ਇਸ ਮਾਮਲੇ ਨੂੰ ਲਗਾਤਾਰ ਸਿਆਸੀ ਸਾਜ਼ਿਸ਼ ਦੇ ਤਹਿਤ ਉਛਾਲਿਆ ਜਾਂਦਾ ਹੈ ਤੇ ਨਾ ਸਿਰਫ਼ ਕਾਂਗਰਸ ਬਲਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਬੇਅਦਬੀ ਦੇ ਮਾਮਲਿਆਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਦੇ ਮਾਮਲਿਆਂ ਦੀ ਉਕਤ 467 ਪੰਨਿਆਂ ਦੀ ਅੰਤਿਮ ਰਿਪੋਰਟ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ, ਜਿਨ੍ਹਾਂ ’ਚ ਮੇਜਰ ਸਿੰਘ ਪੰਡੋਰੀ ਤੇ ਚਮਕੌਰ ਸਿੰਘ ਸ਼ਾਮਲ ਸਨ, ਨਾਲ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਰਿਪੋਰਟ ਦੀ ਇਕ ਕਾਪੀ ਵੀ ਦਿੱਤੀ। ਇਹ ਰਿਪੋਰਟ ਐੱਸ.ਆਈ.ਟੀ. ਵੱਲੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਪੁਲੀਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੰਗ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਜਾਣਕਾਰੀ ਮੁਤਾਬਿਕ 2015 ’ਚ ਬੇਅਦਬੀ ਨਾਲ ਸਬੰਧਤ ਬਰਗਾਡ਼ੀ, ਬੁਰਜ ਜਵਾਹਰਵਾਲਾ ਤੇ ਇਕ ਹੋਰ ਮਾਮਲੇ ਦੀ ਜਾਂਚ ਪਹਿਲਾਂ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ’ਚ ਤਤਕਾਲੀ ਸਰਕਾਰ ਵੱਲੋਂ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ ਸੀ। ਸੀ.ਬੀ.ਆਈ. ਵੱਲੋਂ ਬਹੁਤ ਹੌਲੀ ਜਾਂਚ ਤੇ ਕਲੋਜ਼ਰ ਰਿਪੋਰਟ ਵੱਲ ਵਧਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਕੇਸ ਦਾਇਰ ਕਰਕੇ ਸੀ.ਬੀ.ਆਈ. ਤੋਂ ਉਕਤ ਕੇਸਾਂ ਦੀ ਜਾਂਚ ਵਾਪਸ ਲਈ ਗਈ ਤੇ ਸਬੰਧਿਤ ਦਸਤਾਵੇਜ਼ ਵੀ ਹਾਸਲ ਕੀਤੇ ਗਏ। ਸਤੰਬਰ 2018 ’ਚ ਆਈ.ਜੀ. ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ’ਚ ਬਣਾਈ ਐੱਸ.ਆਈ.ਟੀ. ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਗਈ ਤੇ ਦਰਜਨ ਭਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਾਮਜ਼ਦ ਕੀਤਾ ਗਿਆ। ਇਨ੍ਹਾਂ ਹੀ ਮਾਮਲਿਆਂ ’ਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ, ਜੋ ਕਿ ਹੱਤਿਆ ਤੇ ਬਲਾਤਕਾਰ ਜਿਹੇ ਸੰਗੀਨ ਮਾਮਲੇ ’ਚ ਸੁਨਾਰੀਆ ਜੇਲ੍ਹ ’ਚ ਬੰਦ ਹੈ, ਤੋਂ ਵੀ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੇਅਦਬੀ ਦੀ ਸਾਰੀ ਸਾਜ਼ਿਸ਼ ਡੇਰਾ ਸਿਰਸਾ ਨਾਲ ਜੁਡ਼ੇ ਲੋਕਾਂ ਵੱਲੋਂ ਡੇਰਾ ਪ੍ਰਮੁੱਖ ਦੀ ਆਗਿਆ ਨਾਲ ਹੀ ਤਿਆਰ ਕੀਤੀ ਗਈ ਤੇ ਇਸ ਦੇ ਪਿੱਛੇ ਇਕ ਸਿੱਖ ਧਰਮ ਪ੍ਰਚਾਰਕ ਵੱਲੋਂ ਡੇਰਾ ਪ੍ਰਮੁੱਖ ਦੇ ਕੀਤੇ ਗਏ ਅਪਮਾਨ ਦਾ ਬਦਲਾ ਲੈਣਾ ਇਕ ਵੱਡਾ ਕਾਰਨ ਦੱਸਿਆ ਗਿਆ ਹੈ। ਡੇਰਾ ਪ੍ਰਮੁੱਖ ਦੀ ਫ਼ਿਲਮ ਨੂੰ ਪੰਜਾਬ ’ਚ ਰਿਲੀਜ਼ ਹੋਣ ਤੋਂ ਰੋਕਣਾ ਵੀ ਇਸ ਦੇ ਪਿੱਛੇ ਇਕ ਕਾਰਨ ਦੱਸਿਆ ਗਿਆ ਹੈ।