ਕੈਨੇਡਾ ਦੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦੇ ਹਾਂਗਕਾਂਗ ਨੂੰ ਲੈ ਕੇ ਦਿੱਤੇ ਬਿਆਨ ਤੋਂ ਚੀਨ ਨੂੰ ਤਕਲੀਫ ਹੋਈ ਹੈ। ਮੇਲਾਨੀ ਨੇ ਕਿਹਾ ਕਿ ਚੀਨ ਦੇ ਅਧਿਕਾਰ ਹੇਠ ਹਾਂਗਕਾਂਗ ਸ਼ਹਿਰ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ। ਕੈਨੇਡੀਅਨ ਮੰਤਰੀ ਦੀ ਇਸ ਟਿੱਪਣੀ ’ਤੇ ਭਡ਼ਕੇ ਬੀਜਿੰਗ ਨੇ ਔਟਵਾ ਤੋਂ ਹਾਂਗਕਾਂਗ ਦੇ ਮਾਮਲਿਆਂ ’ਚ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਚੀਨੀ ਸ਼ਾਸਨ ’ਚ ਹਾਂਗਕਾਂਗ ਦੀ ਵਾਪਸੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ ’ਤੇ ਔਟਵਾ ’ਚ ਚੀਨੀ ਦੂਤਘਰ ਨੇ ਇਕ ਬਿਆਨ ’ਚ ਕਿਹਾ ਕਿ ਬਾਹਰੀ ਤਾਕਤਾਂ ਨੂੰ ‘ਗ਼ੈਰ-ਜ਼ਿੰਮੇਵਾਰਾਨਾ ਟਿੱਪਣੀ’ ਨਹੀਂ ਕਰਨੀ ਚਾਹੀਦੀ। ਬਿਆਨ ’ਚ ਕਿਹਾ ਗਿਆ ਹੈ, ‘ਹਾਂਗਕਾਂਗ ਦੇ ਮਾਮਲੇ ਪੂਰੀ ਤਰ੍ਹਾਂ ਚੀਨ ਦੇ ਅੰਦਰੂਨੀ ਮਾਮਲੇ ਹਨ ਅਤੇ ਕੋਈ ਵੀ ਬਾਹਰੀ ਤਾਕਤ ਗ਼ੈਰ-ਜ਼ਿੰਮੇਵਾਰਾਨਾ ਟਿੱਪਣੀ ਕਰਨ ਦੀ ਸਥਿਤੀ ’ਚ ਨਹੀਂ ਹੈ। ਕੈਨੇਡਾ ਅਤੇ ਹਾਂਗਕਾਂਗ ਵਿਚਾਲੇ ‘ਗੂਡ਼੍ਹੇ ਸਬੰਧ’ ਹਾਂਗਕਾਂਗ ਦੇ ਮਾਮਲਿਆਂ ’ਚ ਦਖ਼ਲ ਕਰਨ ਦਾ ਬਹਾਨਾ ਨਹੀਂ ਹੈ। ਅਸੀਂ ਇਕ ਵਾਰ ਫਿਰ, ਕੈਨੇਡਾ ਦੇ ਪੱਖ ਤੋਂ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ, ਚੀਨ ਦੀ ਪ੍ਰਭੂਸੱਤਾ ਤੇ ਏਕਤਾ ਦਾ ਸਨਮਾਨਕਰਨ ਤੇ ਹਾਂਗਕਾਂਗ ਮਾਮਲਿਆਂ ਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਵੀ ਤੌਰ ’ਤੇ ਦਖ਼ਲ ਦੇਣਾ ਬੰਦ ਕਰਨ ਦੀ ਅਪੀਲ ਕਰਦੇ ਹਾਂ।