ਅਲਬਰਟਾ ਸੂਬੇ ਦੇ ਐਡਮਿੰਟਨ ਦੇ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵਡ਼ਿੰਗ ਨੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਸਾਹਮਣੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਆਪਣੇ ਅਧਿਕਾਰਾਂ ਤੇ ਧਾਰਮਿਕ ਅਕੀਦੇ ਦੇ ਉਲਟ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ’ਚ ਕਾਨੂੰਨ ਦੀ ਪਡ਼੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਨੇ ਇਸ ਲਈ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਉਹ ਕਦੇ ਵੀ ਕਿਸੇ ਸ਼ਖ਼ਸੀਅਤ ਅੱਗੇ ਸਹੁੰ ਚੁੱਕ ਕੇ ਆਪਣੇ ਪੇਸ਼ੇ ’ਚ ਨਹੀਂ ਜਾਣਾ ਚਾਹੁੰਦਾ। ਪ੍ਰਭਜੋਤ ਸਿੰਘ ਨੇ ਕਿਹਾ ਕਿ ਉਸ ਨੇ ਮਹਾਰਾਣੀ ਦੀ ਤਸਵੀਰ ਅੱਗੇ ਇਸ ਲਈ ਵੀ ਸਹੁੰ ਨਹੀਂ ਚੁੱਕੀ ਕਿਉਂਕਿ ਉਸ ਦੇ ਪਰਿਵਾਰ ਤੋਂ ਅਸੀਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ। ਦੱਸਦੇਈਏ ਕਿ ਕੈਨੇਡਾ ਦੇ ਬਹੁਤ ਸਾਰੇ ਸੂਬਿਆਂ ’ਚ ਇਸ ਤਰ੍ਹਾਂ ਦਾ ਕਾਨੂੰਨ ਹਟਾ ਦਿੱਤਾ ਗਿਆ ਪਰ ਸਿਰਫ ਅਲਬਰਟਾ ’ਚ ਹੀ ਇਹ ਕਾਨੂੰਨ ਚੱਲ ਰਿਹਾ ਹੈ ਜਿਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।