ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰਿਆ। ਹਾਦਸੇ ’ਚ ਸਕੂਲੀ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ। ਨੇਡ਼ੇ-ਤੇਡ਼ੇ ਦੇ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਕੁੱਲੂ ਜ਼ਿਲ੍ਹੇ ਦੇ ਸ਼ੈਂਸ਼ਰ ’ਚ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ’ਚ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਸੂਚਨਾ ਹੈ। ਬੱਸ ਜਾਂਗਲਾ ਪਿੰਡ ਤੋਂ ਕਰੀਬ 200 ਮੀਟਰ ਹੇਠਾਂ ਡਿੱਗੀ ਹੈ। ਅਜਿਹੀ ਸੂਚਨਾ ਹੈ ਕਿ ਹਾਦਸੇ ਦਾ ਸ਼ਿਕਾਰ ਸਕੂਲੀ ਬੱਚੇ ਵੀ ਹੋਏ ਹਨ। ਬੱਸ ਦੇ ਅੰਦਰ ਲਾਸ਼ਾਂ ਫਸੀਆਂ ਹੋਈਆਂ ਹਨ। ਹਾਦਸਾ ਸੋਮਵਾਰ ਸਵੇਰੇ ਕਰੀਬ 8.45 ਵਜੇ ਵਾਪਰਿਆ। ਬੱਸ ਸ਼ੈਂਸ਼ਰ ਤੋਂ ਓਟ ਜਾ ਰਹੀ ਸੀ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਬੱਸ ਹਾਦਸੇ ’ਚ 16 ਲੋਕਾਂ ਦੀ ਮੌਤ ਦੀ ਸੂਚਨਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।