ਅਮਰੀਕਾ ’ਚ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ’ਚ ਫਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਦੀ ਮੰਦਭਾਗੀ ਘਟਨਾ ਵਾਪਰੀ। ਇਸ ’ਚ 6 ਜਣੇ ਹਲਾਕ ਹੋ ਗਏ ਜਦਕਿ ਦਰਜਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲੇਕ ਕਾਊਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਅਮਰੀਕਾ ਇਸ ਵਾਰ ਆਪਣਾ 246ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੁਲੀਸ ਮੁਤਾਬਕ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾਂਦਾ ਹੈ ਕਿ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਕਾਰਨ 10 ਮਿੰਟ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਮਲਾਵਰ ਕਾਲੇ ਰੰਗ ਦੀ ਐੱਸ.ਯੂ.ਵੀ. ’ਚ ਹੋ ਸਕਦੇ ਹਨ। ਹਾਲਾਂਕਿ ਪੁਲੀਸ ਨੇ ਹਮਲਾਵਰਾਂ ਨੂੰ ਫਡ਼ਨ ਲਈ ਪੂਰੇ ਇਲਾਕੇ ਨੂੰ ਘੇਰ ਲਿਆ। ਫਾਇਰਿੰਗ ਤੋਂ ਬਾਅਦ ਲੋਕਾਂ ਨੂੰ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖਿਆ ਗਿਆ। ਅਧਿਕਾਰੀਆਂ ਨੇ ਛੇ ਲੋਕਾਂ ਦੇ ਮਾਰੇ ਜਾਣ ਅਤੇ 24 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਕ ਹੋਰ ਰਿਪੋਰਟ ’ਚ ਜ਼ਖਮੀ ਦੀ ਗਿਣਤੀ ਵਧੇਰੇ ਦੱਸੀ ਗਈ ਹੈ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੂੰ ਇਕ ਰਾਈਫਲ ਵੀ ਮਿਲੀ ਹੈ, ਮੰਨਿਆ ਜਾ ਰਿਹਾ ਹੈ ਕਿ ਉਸੇ ਤੋਂ ਫਾਇਰਿੰਗ ਕੀਤੀ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਇਮਾਰਤ ਦੀ ਛੱਤ ਤੋਂ ਫਾਇਰਿੰਗ ਕੀਤੀ ਗਈ। ਇਸ ਘਟਨਾ ਨਾਲ ਅਮਰੀਕਾ ਦੇ ਖ਼ਤਰਨਾਕ ਗੰਨ ਸਭਿਆਚਾਰ ਦਾ ਮਾਮਲਾ ਇਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ।