ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਾਲੇ ਤੱਕ ਕਈ ਭੇਤ ਖੁੱਲ੍ਹ ਰਹੇ ਹਨ। ਹੁਣ ਦਿੱਲੀ ਪੁਲੀਸ ਨੇ ਦੋ ਹੋਰ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ’ਚੋਂ ਇਕ 18 ਸਾਲਾ ਅੰਕਿਤ ਸਿਰਸਾ ਹੈ ਜਿਸ ਨੇ ਮੂਸੇਵਾਲਾ ਨੂੰ ਨੇਡ਼ਿਓਂ ਗੋਲੀਆਂ ਮਾਰੀਆ ਸਨ। ਪੰਜਾਬੀ ਗਾਇਕ ਦੀ ਹੱਤਿਆ ਕਰਨ ਤੋਂ ਪਹਿਲਾਂ ਇਸੇ ਅੰਕਿਤ ਨੇ ਗੋਲੀਆਂ ਨਾਲ ਅੰਗਰੇਜ਼ੀ ’ਚ ਸਿੱਧੂ ਮੂਸੇਵਾਲਾ ਲਿਖਿਆ ਸੀ ਅਤੇ ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਕਾਤਲਾਂ ਨੇ ਜਸ਼ਨ ਮਨਾਇਆ ਸੀ। ਇਸ ਸਬੰਧੀ ਵੀਡੀਓ ਅੰਤਿਕ ਦੇ ਫੋਨ ’ਚੋਂ ਹੀ ਪੁਲੀਸ ਨੂੰ ਮਿਲੀ ਹੈ। ਇਸ ’ਚ ਮਿਲੀਆਂ ਫੋਟੋਆਂ ’ਚ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਲਿਖਣ ਦੀ ਫੋਟੋ ਵੀ ਸ਼ਾਮਲ ਹੈ। ਇਸੇ ਤਰ੍ਹਾਂ ਹੱਤਿਆ ਮਗਰੋਂ ਕਾਰ ’ਚ ਜਾਂਦੇ ਹੋਏ ਪਿਸਤੌਲਾਂ ਦਿਖਾਉਣ ਤੇ ਜਸ਼ਨ ਮਨਾਉਣ ਦੀ ਵੀਡੀਓ ਸ਼ਾਮਲ ਹੈ। ਸ਼ੂਟਰ ਅੰਕਿਤ ਸਿਰਸਾ ਦੀ ਜਿਹਡ਼ੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਉਸ ’ਚ ਉਸ ਨੇ ਗਾਇਕ ਦੀ ਹੱਤਿਆ ਤੋਂ ਪਹਿਲਾਂ ਗੋਲੀਆਂ ਨਾਲ ਅੰਗਰੇਜ਼ੀ ’ਚ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈੈ। ਪੁਲੀਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਅੰਕਿਤ ਸਿਰਸਾ ਨੇ ਪੰਜਾਬੀ ਗਾਇਕ ’ਤੇ ਨਜ਼ਦੀਕ ਤੋਂ ਦੋ ਪਿਸਤੌਲਾਂ ਨਾਲ ਘੱਟੋ-ਘੱਟ ਛੇ ਗੋਲੀਆਂ ਮਾਰੀਆਂ। ਉਨ੍ਹਾਂ ਨੇ ਕਿਹਾ ਕਿ 19 ਸਾਲ ਦੇ ਸਿਰਸਾ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਸਭ ਤੋਂ ਘੱਟ ਉਮਰ ਦਾ ਸ਼ੂਟਰ ਹੈ। ਸਿਰਸਾ ਨੂੰ ਐਤਵਾਰ ਰਾਤ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਚਿਨ ਭਿਵਾਨੀ (25) ਦੇ ਨਾਲ ਗ੍ਰਿਫਤਾਰ ਕੀਤਾ ਸੀ, ਜੋ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਲਈ ਜ਼ਿੰਮੇਵਾਰ ਸੀ। ਪੁਲੀਸ ਅਨੁਸਾਰ ਇਹ ਦੋਵੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾਡ਼ ਗੈਂਗ ਦਾ ਹਿੱਸਾ ਹਨ। ਪੁਲੀਸ ਨੇ ਦੱਸਿਆ ਕਿ ਹਰਿਆਣਾ ਦੇ ਸਰਸਾ ਪਿੰਡ ਸਿਰਸਾ ਦਾ ਵਸਨੀਕ ਰਾਜਸਥਾਨ ’ਚ ਕਤਲ ਦੀ ਕੋਸ਼ਿਸ਼ ਦੇ ਦੋ ਹੋਰ ਮਾਮਲਿਆਂ ’ਚ ਵੀ ਨਾਮਜ਼ਦ ਹੈ। ਉਨ੍ਹਾਂ ਕਿਹਾ ਕਿ ਸਿਰਸਾ ਮੁੱਖ ਸ਼ੂਟਰ ਪ੍ਰਿਯਵਰਤ ਉਰਫ਼ ਫ਼ੌਜੀ ਦਾ ਕਰੀਬੀ ਹੈ। ਪ੍ਰਿਯਵਤ ਨੂੰ ਦਿੱਲੀ ਪੁਲੀਸ ਦੀ ਸਪੈਸ਼ਲ ਸੈੱਲ ਟੀਮ ਨੇ 19 ਜੂਨ ਨੂੰ ਕੱਛ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕੇਸ ’ਚ ਹੁਣ ਤੱਕ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕਾ ਹੈ।