ਸੰਤ ਬਲਬੀਰ ਸਿੰਘ ਸੀਚੇਵਾਲ, ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਪਿਊਸ਼ ਗੋਇਲ ਸਣੇ ਰਾਜ ਸਭਾ ਦੇ 27 ਨਵੇਂ ਚੁਣੇ ਮੈਂਬਰਾਂ ਨੇ ਰਾਜਾਂ ਦੇ ਕੌਂਸਲ ਮੈਂਬਰਾਂ ਵਜੋਂ ਹਲਫ਼ ਲਿਆ। ਸੀਚੇਵਾਲ ਨੇ ਪੰਜਾਬੀ ’ਚ ਹਲਫ਼ ਲਿਆ। ਮੈਂਬਰਾਂ ਨੇ ਰਾਜ ਸਭਾ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਦੀ ਹਾਜ਼ਰੀ ’ਚ ਉਨ੍ਹਾਂ ਦੇ ਚੈਂਬਰ ’ਚ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ। ਦਸ ਰਾਜਾਂ ਨਾਲ ਸਬੰਧਤ ਇਨ੍ਹਾਂ 27 ਮੈਂਬਰਾਂ ਨੇ 9 ਭਾਸ਼ਾਵਾਂ ’ਚ ਸਹੁੰ ਚੁੱਕੀ। 12 ਮੈਂਬਰਾਂ ਨੇ ਹਿੰਦੀ, ਚਾਰ ਨੇ ਅੰਗਰੇਜ਼ੀ, ਦੋ-ਦੋ ਜਣਿਆਂ ਨੇ ਸੰਸਕ੍ਰਿਤ, ਕੰਨਡ਼, ਮਰਾਠੀ ਤੇ ਉਡ਼ੀਆ ਜਦੋਂਕਿ ਪੰਜਾਬੀ, ਤਾਮਿਲ ਤੇ ਤੇਲਗੂ ’ਚ ਇਕ ਇਕ ਜਣੇ ਨੇ ਹਲਫ਼ ਲਿਆ। ਸੰਸਦ ਲਈ ਚੁਣੇ ਕੁੱਲ 57 ਨਵੇਂ ਮੈਂਬਰਾਂ ਵਿੱਚੋਂ ਚਾਰ ਹੋਰਨਾਂ ਨੇ ਅਜੇ ਪਿੱਛੇ ਜਿਹੇ ਸਹੁੰ ਚੁੱਕੀ ਸੀ। ਹਲਫ਼ਦਾਰੀ ਸਮਾਗਮ ਮਗਰੋਂ ਸਦਨ ਦੇ ਕੁਝ ਆਗੂਆਂ ਤੇ ਮੈਂਬਰਾਂ ਨਾਲ ਰੂਬਰੂ ਹੁੰਦਿਆਂ ਨਾਇਡੂ ਨੇ ਸਾਫ ਕਰ ਦਿੱਤਾ ਕਿ ਜਿਨ੍ਹਾਂ ਚੁਣੇ ਹੋਏ ਮੈਂਬਰਾਂ ਨੇ ਅਜੇ ਤੱਕ ਹਲਫ਼ ਨਹੀਂ ਲਿਆ, ਉਹ ਵੀ 18 ਜੁਲਾਈ ਲਈ ਤਜਵੀਜ਼ਤ ਰਾਸ਼ਟਰਪਤੀ ਚੋਣਾਂ ’ਚ ਵੋਟ ਪਾਉਣ ਦੇ ਹੱਕਦਾਰ ਹਨ। ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਨਾਇਡੂ ਨੇ ਕਿਹਾ ਕਿ ਰਾਜ ਸਭਾ ਚੋਣ ’ਚ ਜੇਤੂ ਐਲਾਨੇ ਜਾਣ ਦੇ ਨੋਟੀਫਿਕੇਸ਼ਨ ਦੀ ਤਰੀਕ ਤੋਂ ਉਹ ਸਦਨ ਦੇ ਮੈਂਬਰ ਹਨ ਅਤੇ ਨਵੇਂ ਚੁਣੇ ਮੈਂਬਰਾਂ ਲਈ ਹਲ਼ਫ ਲੈਣਾ ਸਦਨ ਅਤੇ ਇਸ ਦੀ ਕਮੇਟੀਆਂ ਦੀ ਕਾਰਵਾਈ ’ਚ ਸ਼ਾਮਲ ਹੋਣ ਲਈ ਪਹਿਲੀ ਸ਼ਰਤ ਹੈ। ਜਿਨ੍ਹਾਂ ਨਵੇਂ ਚੁਣੇ ਤੇ ਮੁਡ਼ ਚੁਣੇ ਮੈਂਬਰਾਂ ਨੇ ਅੱਜ ਹਲਫ਼ ਲਿਆ ਉਨ੍ਹਾਂ ਵਿੱਚ ਜੈਰਾਮ ਰਮੇਸ਼, ਵਿਵੇਕ ਕੇ. ਤਨਖਾ ਤੇ ਮੁਕੁਲ ਵਾਸਨਿਕ (ਸਾਰੇ ਕਾਂਗਰਸ), ਸੁਰੇਂਦਰ ਸਿੰਘ ਨਾਗਰ, ਕੇ. ਲਕਸ਼ਮਨ, ਲਕਸ਼ਮੀਕਾਂਤ ਵਾਜਪਾਈ (ਸਾਰੇ ਭਾਜਪਾ), ਜੈਯੰਤ ਚੌਧਰੀ, ਕਲਪਨਾ ਸੈਣੀ, ਸੁਲਾਤਾ ਦਿਓ ਤੇ ਆਰ. ਧਰਮਾਰ ਸ਼ਾਮਲ ਹਨ। ਕੁੱਲ 57 ਮੈਂਬਰਾਂ ਵਿੱਚੋਂ 14 ਅਜਿਹੇ ਹਨ, ਜਿਨ੍ਹਾਂ ਨੂੰ ਮੁਡ਼ ਚੁਣਿਆ ਗਿਆ ਹੈ।