ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਯੂ-ਟਿਊਬ ਨੇ ਇੰਡੀਆ ’ਚ ਸਰੋਤਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਦਾ ਗਾਣਾ ‘ਐੱਸ.ਵਾਈ.ਐੱਲ’ ਵੀ ਇਸੇ ਤਰ੍ਹਾਂ ਯੂ-ਟਿਊਬ ਨੇ ਹਟਾਇਆ ਸੀ ਜੋ ਮਰਹੂਮ ਗਾਇਕ ਦੀ ਮੌਤ ਤੋਂ ਬਾਅਦ ਉਸ ਦੇ ਯੂ-ਟਿਊਬ ਚੈਨਲ ਤੋਂ ਜਾਰੀ ਹੋਇਆ ਸੀ ਜਿਸ ਨੂੰ ਕੁਝ ਘੰਟੇ ’ਚ ਹੀ ਲੱਖਾਂ ਵਿਊ ਮਿਲੇ ਸਨ। ਸੂਤਰਾਂ ਦਾ ਦੱਸਣਾ ਹੈ ਕਿ ਯੂ-ਟਿਊਬ ਵੱਲੋਂ ਮੁਡ਼ ਕੰਵਰ ਗਰੇਵਾਲ ਦੇ ਗਾਣੇ ਸਬੰਧੀ ਕਦਮ ਇੰਡੀਆ ਸਰਕਾਰ ਦੇ ਇਤਰਾਜ਼ ਤੋਂ ਬਾਅਦ ਉਠਾਇਆ ਗਿਆ ਹੈ। ਸੂਫੀ ਗਾਇਕ ਵਜੋਂ ਮਸ਼ਹੂਰ ਕੰਵਰ ਗਰੇਵਾਲ ਨੇ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਰਿਹਾਈ’ ਰਾਹੀਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕੀਤੀ ਸੀ। ਇਸ ਗੀਤ ਰਾਹੀਂ ਗਾਇਕ ਨੇ ਕੇਂਦਰ ਸਰਕਾਰ ਵੱਲ ਇਸ਼ਾਰਾ ਕਰਦਿਆਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਸਨ। ਯੂ-ਟਿਊਬ ਵੱਲੋਂ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਇੰਡੀਆ ’ਚ ਲੋਕਾਂ ਦੀ ਪਹੁੰਚ ਤੋਂ ਦੂਰ ਕੀਤੇ ਜਾਣ ਜਾਂ ਇੰਡੀਆ ’ਚ ਪਾਬੰਦੀ ਲਗਾਏ ਜਾਣ ਦਾ ਇਹ ਦੂਜਾ ਮਾਮਲਾ ਹੈ। ਕੰਵਰ ਗਰੇਵਾਲ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਰਿਲੀਜ਼ ਹੁੰਦਿਆਂ ਹੀ ਇੰਡੀਆ ਸਰਕਾਰ ਦੀਆਂ ਏਜੰਸੀਆਂ ਦੀ ਨਿਗਰਾਨੀ ਹੇਠ ਆ ਗਿਆ। ਇੰਡੀਆ ਸਰਕਾਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਗੀਤਾਂ ਨਾਲ ਸਮਾਜ ’ਚ ਤਣਾਅ ਪੈਦਾ ਹੋ ਸਕਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਦੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਵੱਲੋਂ ਪੰਜਾਬੀ ਗਾਇਕਾਂ ਦੇ ਗੀਤਾਂ ਦੀ ਅਕਸਰ ਸਮੀਖਿਆ ਕੀਤੀ ਜਾਂਦੀ ਹੈ। ਖਾਸ ਕਰ ਕੇ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਪੰਜਾਬੀ ਗਾਇਕਾਂ ਦੇ ਗੀਤਾਂ ’ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।