ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਪਰਛਾਵੇਂ ਹੇਠ ਜਾਪਾਨ ’ਚ ਲੋਕਾਂ ਨੇ ਵੋਟਾਂ ਪਾਈਆਂ। ਇਸ ਦੌਰਾਨ ਸੁਰੱਖਿਆ ਪ੍ਰਬੰਧ ਕਾਫੀ ਸਖ਼ਤ ਰਹੇ ਪਰ ਪਾਰਟੀ ਦੇ ਆਗੂਆਂ ਨੇ ਭੀਡ਼ ’ਚ ਜਾਣ ਤੋਂ ਪਰਹੇਜ਼ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਪਾਰਟੀ ਆਗੂਆਂ ਨੇ ਪ੍ਰਚਾਰ ਮੁਹਿੰਮ ਦੌਰਾਨ ਲੋਕਤੰਤਰ ਤੇ ਬੋਲਣ ਦੀ ਆਜ਼ਾਦੀ ਬਹਾਲ ਰੱਖਣ ਦੇ ਸੁਨੇਹੇ ਦਿੱਤੇ। ਸੰਸਦ ਦੇ ਉੱਪਰਲੇ ਸਦਨ ਲਈ ਹੋ ਰਹੀਆਂ ਚੋਣਾਂ ਸਬੰਧੀ ਸਾਹਮਣੇ ਆਏ ਐਗਜ਼ਿਟ ਪੋਲ ’ਚ ਆਬੇ ਦੀ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਕੀਤੀ ਗਈ ਆਬੇ ਦੀ ਹੱਤਿਆ ਕਾਰਨ ਦੇਸ਼ ਅਜੇ ਵੀ ਸਦਮੇ ’ਚ ਹੈ ਅਤੇ ਦੇਸ਼ ਭਰ ’ਚ ਦਿਖ ਰਹੀ ਹਮਦਰਦੀ ਦੀ ਵੋਟ ਦੀ ਲਹਿਰ ਕਰ ਕੇ ਵੀ ਸੰਭਵ ਤੌਰ ’ਤੇ ਆਬੇ ਦੀ ਪਾਰਟੀ ਦੀ ਜਿੱਤ ਹੋ ਸਕਦੀ ਹੈ। ਪੱਛਮੀ ਜਾਪਾਨ ’ਚ ਪੁਲੀਸ ਨੇ ਸ਼ੱਕੀ ਕਾਤਲ ਨੂੰ ਅਗਲੀ ਜਾਂਚ ਲਈ ਇਕ ਸਥਾਨਕ ਸਰਕਾਰੀ ਵਕੀਲ ਦੇ ਦਫ਼ਤਰ ’ਚ ਭੇਜਿਆ। ਇਕ ਚੋਟੀ ਦੇ ਖੇਤਰੀ ਪੁਲੀਸ ਅਧਿਕਾਰੀ ਨੇ ਸੁਰੱਖਿਆ ਪ੍ਰਬੰਧਾਂ ’ਚ ਸੰਭਾਵੀ ਤੌਰ ’ਤੇ ਖਾਮੀ ਹੋਣ ਦੀ ਗੱਲ ਆਖੀ, ਜਿਸ ਕਰ ਕੇ ਹਮਲਾਵਰ ਨੂੰ ਆਬੇ ਦੇ ਨੇਡ਼ੇ ਜਾਣ ਦਾ ਮੌਕਾ ਮਿਲਿਆ ਅਤੇ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰ ਦਿੱਤੀ। ਐੱਨ.ਐੱਚ.ਕੇ. ਸਰਕਾਰੀ ਬਰਾਡਕਾਸਟਰ ਤੇ ਹੋਰ ਮੀਡੀਆ ਅਨੁਸਾਰ ਲਿਬਰਲ ਡੈਮੋਕਰੈਟਿਕ ਪਾਰਟੀ ਨੂੰ 125 ਸੀਟਾਂ ਦਾ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਆਬੇ ਦੀ ਹੱਤਿਆ ਦੇ ਮੱਦੇਨਜ਼ਰ ਐਤਵਾਰ ਦੀਆਂ ਚੋਣਾਂ ਦਾ ਨਵਾਂ ਹੀ ਮਤਲਬ ਨਿਕਲ ਕੇ ਆਇਆ। ਇਸ ਦੌਰਾਨ ਸਾਰੇ ਸਿਆਸੀ ਆਗੂ ਬੋਲਣ ਦੀ ਆਜ਼ਾਦੀ ਦੀ ਅਹਿਮੀਅਤ ’ਤੇ ਜ਼ੋਰ ਦੇ ਰਹੇ ਸਨ।