ਬਰੇਲੀ (ਯੂ.ਪੀ.) ਦੇ ਇਕ ਗੁਰਦੁਆਰਾ ਕੰਪਲੈਕਸ ਦੇ ਅੰਦਰ ਮੀਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਤਣਾਅ ਪੈਦਾ ਹੋ ਗਿਆ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਸਿਧਾਰਥ ਅਨਿਰੁਧ ਪੰਕਜ ਨੇ ਕਿਹਾ ਕਿ ਘਟਨਾ ਐਤਵਾਰ ਰਾਤ ਕੋਹਦਾਪੀਰ ਇਲਾਕੇ ’ਚ ਵਾਪਰੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਐਤਵਾਰ ਰਾਤ ਉਦੋਂ ਮਾਹੌਲ ਵਿਗਾਡ਼ਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਬਕਰੀਦ ਮੌਕੇ ਮੁਸਲਿਮ ਭਾਈਚਾਰਾ ਜਸ਼ਨ ਮਨਾ ਰਿਹਾ ਸੀ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲੀਸ ਨੇ ਦੱਸਿਆ ਕਿ ਮੀਟ ਬਰਾਮਦ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਘਟਨਾ ਸਥਾਨ ’ਤੇ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਨੂੰ ਉਥੇ ਭੇਜਿਆ ਗਿਆ। ਗੁਰਦੁਆਰੇ ’ਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਜਾਂਚਣ ਤੋਂ ਬਾਅਦ ਪੁਲੀਸ ਨੇ ਦੱਸਿਆ ਕਿ ਮੀਟ ਡਿੱਗਦਾ ਤਾਂ ਦਿਖਾਈ ਦੇ ਰਿਹਾ ਹੈ ਪਰ ਇਸ ਨੂੰ ਸੁੱਟਣ ਵਾਲੇ ਨਜ਼ਰ ਨਹੀਂ ਆਏ। ਗੁਰਦੁਆਰੇ ਦੇ ਪ੍ਰਧਾਨ ਹਰਵੰਤ ਪਾਲ ਸਿੰਘ ਬੇਦੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ’ਚ ਪੁਲੀਸ ਤੇ ਨੀਮ ਫ਼ੌਜੀ ਬਲਾਂ ਨੂੰ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਤਾਇਨਾਤ ਕੀਤਾ ਗਿਆ ਹੈ। ਪੁਲੀਸ ਪੂਰੇ ਸ਼ਹਿਰ ’ਚ ਗਸ਼ਤ ਕਰ ਰਹੀ ਹੈ। ਇਸੇ ਦੌਰਾਨ ਸਿੱਖ ਦੁਕਾਨਦਾਰਾਂ ਨੇ ਘਟਨਾ ਖ਼ਿਲਾਫ਼ ਰੋਸ ਵਜੋਂ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਰੱਖੇ।