ਨਾਸਾ ਦੇ ਨਵੇਂ ਪੁਲਾਡ਼ ਟੈਲੀਸਕੋਪ ’ਚੋਂ ਦੇਖੇ ਗਏ ਦ੍ਰਿਸ਼ ਦੀ ਪਹਿਲੀ ਫੋਟੋ ਸਾਹਮਣੇ ਆਉਣ ਦੇ ਨਾਲ ਹੀ ਬ੍ਰਹਿਮੰਡ ਨੂੰ ਦੇਖਣ ਦਾ ਮਨੁੱਖੀ ਤਜਰਬਾ ਬਿਲਕੁਲ ਬਦਲ ਗਿਆ ਹੈ। ਟੈਲੀਸਕੋਪ ’ਚ ਦੇਖੇ ਦ੍ਰਿਸ਼ ਦੀ ਪਹਿਲੀ ਜਾਰੀ ਫੋਟੋ ’ਚ ਆਸਮਾਨ ਗਲੈਕਸੀਜ਼ ਨਾਲ ਭਰਿਆ ਨਜ਼ਰ ਆਇਆ ਹੈ। ਬ੍ਰਹਿਮੰਡ ਦੀ ਐਨੀ ਡੂੰਘੀ ਤਸਵੀਰ ਅਜੇ ਤੱਕ ਨਹੀਂ ਦੇਖੀ ਗਈ ਹੈ। ਖਰਬਾਂ ਡਾਲਰ ਮੁੱਲ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਜਿਹਡ਼ਾ ਦ੍ਰਿਸ਼ ਕੈਦ ਕੀਤਾ ਹੈ ਉਹ ਮਨੁੱਖਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਮਾਹਿਰਾਂ ਮੁਤਾਬਕ ਸਮੇਂ ਤੇ ਦੂਰੀ ’ਚ ਬ੍ਰਹਿਮੰਡ ਦਾ ਐਨਾ ਡੂੰਘਾ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਟੈਲੀਸਕੋਪ ਵੱਲੋਂ ਕੈਦ ਕੀਤੇ ਹੋਰ ਦ੍ਰਿਸ਼ ਵੀ ਫੋਟੋਆਂ ਦੇ ਰੂਪ ’ਚ ਰਿਲੀਜ਼ ਕੀਤੇ ਜਾਣਗੇ। ਵਾਈਟ ਹਾਊਸ ’ਚ ਰਿਲੀਜ਼ ਕੀਤੀ ਗਈ ‘ਡੀਪ ਫੀਲਡ’ ਫੋਟੋ ’ਚ ਅਣਗਿਣਤ ਤਾਰੇ ਤੇ ਪਿੱਛੇ ਆਕਾਸ਼ ਗੰਗਾ ਦੇ ਕਈ ਸਮੂਹ ਦੇਖੇ ਜਾ ਸਕਦੇ ਹਨ। ਇਸ ਫੋਟੋ ਦੇ ਇਕ ਹਿੱਸੇ ’ਚ ਜੋ ਪ੍ਰਕਾਸ਼ ਹੈ ਉਹ ‘ਬਿੱਗ ਬੈਂਗ’ ਵਾਪਰਨ ਦੇ ਨੇਡ਼ੇ-ਤੇਡ਼ੇ ਦਾ ਹੈ, ਇਹ ਵਰਤਾਰਾ (ਬਿੱਗ ਬੈਂਗ) 13.8 ਅਰਬ ਸਾਲ ਪਹਿਲਾਂ ਦਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਤਸਵੀਰ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਇਤਿਹਾਸ ’ਚ ਰਿਕਾਰਡ ਕੀਤੀ ਗਈ ਸਭ ਤੋਂ ਪੁਰਾਣੀ ਰੌਸ਼ਨੀ ਦੇ ਗਵਾਹ ਬਣ ਰਹੇ ਹਾਂ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਦੱਸਿਆ ਕਿ ਹੋਰਨਾਂ ਫੋਟੋਆਂ ’ਚ ਵੱਡੇ ਅਕਾਰ ਦਾ ਇਕ ਗੈਸ ਨਾਲ ਭਰਪੂਰ ਗ੍ਰਹਿ ਵੀ ਦਿਖੇਗਾ ਜੋ ਕਿ ਸਾਡੇ ਸੌਰ ਮੰਡਲ ਤੋਂ ਬਾਹਰ ਦਾ ਹੈ। ਇਨ੍ਹਾਂ ’ਚ ਉਹ ਥਾਵਾਂ ਵੀ ਹਨ ਜਿੱਥੇ ਤਾਰੇ ਜਨਮ ਲੈਂਦੇ ਹਨ ਤੇ ਮਰਦੇ ਹਨ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤੇ ਤਾਕਤਵਰ ਪੁਲਾਡ਼ ਟੈਲੀਸਕੋਪ ਨੂੰ ਪਿਛਲੇ ਸਾਲ ਦਸੰਬਰ ’ਚ ਦੱਖਣੀ ਅਮਰੀਕਾ ਤੋਂ ਰਾਕੇਟ ਨਾਲ ਛੱਡਿਆ ਗਿਆ ਸੀ।